ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਹੋਣ ਵਾਲੇ ਪ੍ਰੋਗਰਾਮ 'ਚ ਮੁਸਲਿਮ ਔਰਤਾਂ ਨੂੰ ਲਿਆਉਣ ਦੀ ਜ਼ੁੰਮੇਵਾਰੀ ਮਦਰਸਿਆਂ ਨੂੰ ਦਿੱਤੀ ਹੈ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਘੱਟ ਗਿਣਤੀ ਔਰਤਾਂ ਨਾਲ ਗੱਲ ਕਰਨਗੇ। ਇਸ ਦਾ ਇੱਕ ਮਦਰਸੇ ਦੇ ਟੀਚਰਾਂ ਨੇ ਵਿਰੋਧ ਕੀਤਾ ਹੈ। ਮੋਦੀ ਦੇ ਜਲਸੇ ਵਿੱਚ ਭੀੜ ਲਈ ਇਹ ਹੁਕਮ ਉਸ ਵੇਲੇ ਆਇਆ ਜਦੋਂ ਉਹ ਕਹਿ ਰਹੇ ਹਨ ਕਿ ਤਿੰਨ ਤਲਾਕ ਦੇ ਖਾਤਮੇ ਨਾਲ ਮੁਸਲਿਮ ਔਰਤਾਂ ਸਰਕਾਰ ਤੋਂ ਖੁਸ਼ ਹਨ।

ਜ਼ਿਲ੍ਹਾ ਘੱਟ ਗਿਣਤੀ ਭਲਾਈ ਅਫਸਰ ਵਿਜੇ ਪ੍ਰਤਾਪ ਯਾਦਵ ਨੇ ਜਿਲ੍ਹੇ ਦੇ ਸਾਰੇ ਫੰਡਿਡ ਤੇ ਗੈਰ ਫੰਡਿਡ ਮਦਰਸਿਆਂ ਨੂੰ ਭੇਜੀ ਚਿੱਠੀ 'ਚ ਲਿਖਿਆ ਹੈ ਕਿ 22 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਵਾਰਣਸੀ ਦੇ ਡੀਐਲਡਬਲਿਯੂ 'ਚ ਘੱਟ ਗਿਣਤੀ ਔਰਤਾਂ ਨਾਲ ਪ੍ਰੋਗਰਾਮ ਹੈ। ਇਸ 'ਚ 700 ਔਰਤਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਸ 'ਤੇ ਘੱਟ ਗਿਣਤੀ ਔਰਤਾਂ ਨੂੰ ਪ੍ਰੋਗਰਾਮ 'ਚ ਲਿਆਉਣ ਦੀ ਜ਼ਿੰਮੇਵਾਰੀ ਮਦਰਸਿਆਂ ਨੂੰ ਦਿੱਤੀ ਜਾ ਰਹੀ ਹੈ।

ਬੀਤੀ 15 ਸਤੰਬਰ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਮਦਰਸੇ ਘੱਟੋ-ਘੱਟ 25-25 ਔਰਤਾਂ ਨੂੰ ਪ੍ਰੋਗਰਾਮ 'ਚ ਲੈ ਕੇ ਆਉਣ। ਇਸ ਸਿਲਸਿਲੇ 'ਚ ਅੱਜ ਸੋਮਵਾਰ ਨੂੰ ਬੈਠਕ ਜ਼ਿਲ੍ਹਾ ਘੱਟ ਗਿਣਤੀ ਭਲਾਈ ਅਫਸਰ ਦੇ ਦਫਤਰ 'ਚ ਹੋਵੇਗੀ। ਇਸ 'ਚ ਇੱਕ ਟੀਚਰ ਨੂੰ ਭੇਜਿਆ ਜਾਵੇ ਤਾਂ ਜੋ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਤੇ ਗੱਲ ਹੋ ਸਕੇ।

ਟੀਚਰਜ਼ ਐਸੋਸੇਸ਼ਨ ਮਦਾਰਿਸ ਅਰਬੀਆ ਉੱਤਰ ਪ੍ਰਦੇਸ਼ ਦੇ ਜਨਰਲ ਸੈਕਰੇਟਰੀ ਦੀਵਾਨ ਸਾਹਿਬ ਜਮਾਂ ਨੇ ਅੱਟ ਗਿਣਤੀ ਅਫਸਰ ਦੇ ਪੱਤਰ ਦਾ ਵਿਰੋਧ ਕਰਦੇ ਹੋਏ ਇਸ ਨੂੰ ਬੇਕਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਦਰਸਿਆਂ ਨੂੰ ਬੀਜੇਪੀ ਵਰਕਰਾਂ ਵਾਲਾ ਕੰਮ ਦੇ ਦਿੱਤਾ ਹੈ। ਉਨ੍ਹਾਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ 22 ਸਤੰਬਰ ਨੂੰ ਆਪਣੇ ਦੋ ਰੋਜ਼ਾ ਵਾਰਾਣਸੀ ਦੇ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਰਾਮਨਗਰ 'ਤੇ ਸਾਹਮਣੇ ਘਾਟ ਪੁਲ ਤੇ ਬਲੁਆਘਾਟ ਪੁਲ ਦਾ ਉਦਘਾਟਨ ਕਰਣਗੇ। ਇਸ ਤੋਂ ਇਲਾਵਾ ਉਹ ਡੀਐਲਡਬਲਯੂ 'ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਮੁਸਲਿਮ ਔਰਤਾਂ ਨਾਲ ਗੱਲ ਕਰਨ ਦਾ ਵੀ ਪ੍ਰੋਗਰਾਮ ਹੈ।