Madhya Pradesh Accident: ਮੱਧ ਪ੍ਰਦੇਸ਼ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਖਰਗੋਨ ਜ਼ਿਲ੍ਹੇ ਵਿੱਚ ਇੱਕ ਬੱਸ 50 ਫੁੱਟ ਉੱਚੇ ਪੁਲ ਤੋਂ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਹੁਣ ਤੱਕ 15 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।


ਇਹ ਹਾਦਸਾ ਖਰਗੋਨ ਠੀਕਰੀ ਮਾਰਗ 'ਤੇ ਵਾਪਰਿਆ। ਘਟਨਾ ਦੇ ਸਮੇਂ ਬੱਸ 'ਚ 40 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ 'ਚੋਂ 15 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਸਾਰੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।


ਹਾਦਸੇ ਦੀ ਜਾਂਚ ਦੇ ਹੁਕਮ


ਦੱਸਿਆ ਜਾ ਰਿਹਾ ਹੈ ਕਿ ਬੋਰਾੜ ਨਦੀ 'ਤੇ ਇੱਕ ਪੁਲ ਬਣਿਆ ਹੋਇਆ ਹੈ ਪਰ ਬੱਸ ਅਚਾਨਕ ਬੇਕਾਬੂ ਹੋ ਕੇ ਹੇਠਾਂ ਡਿੱਗ ਗਈ। ਬੱਸ ਡਿੱਗਦੇ ਹੀ ਹਫੜਾ-ਦਫੜੀ ਮਚ ਗਈ। ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੋਰਾੜ ਨਦੀ ਖੁਸ਼ਕ ਹੈ, ਜਿਸ ਕਾਰਨ ਬੱਸ 'ਚ ਸਵਾਰ ਯਾਤਰੀ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।


ਮੀਡੀਆ ਰਿਪੋਰਟਾਂ ਮੁਤਾਬਕ ਆਈਜੀ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੱਸ ਖਰਗੋਨ ਤੋਂ ਇੰਦੌਰ ਜਾ ਰਹੀ ਸੀ। ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੱਸ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਪਿੰਡ ਵਾਸੀਆਂ ਨੇ ਦੱਸਿਆ...


ਡੋਂਗਰਗਾਓਂ ਵਾਸੀ ਰਾਜ ਪਾਟੀਦਾਰ ਅਨੁਸਾਰ ਮਾਂ ਸ਼ਾਰਦਾ ਟਰੈਵਲਜ਼ ਦੀ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਜਦੋਂ ਤੱਕ ਪੁਲੀਸ ਮੌਕੇ ’ਤੇ ਪੁੱਜੀ, ਪਿੰਡ ਵਾਸੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਬੱਸ ਦੇ ਅੰਦਰੋਂ ਰੌਲਾ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕੁਝ ਖੂਨ ਨਾਲ ਲੱਥਪੱਥ ਸਨ ਅਤੇ ਕੁਝ ਮਦਦ ਲਈ ਪੁਕਾਰ ਰਹੇ ਸਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ