Maharashtra Political Crisis: ਮਹਾਰਾਸ਼ਟਰ 'ਚ ਸਿਆਸੀ ਸੰਕਟ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਿਰਫ਼ 13 ਵਿਧਾਇਕ ਹੀ ਪੁੱਜੇ ਸਨ। ਇਸ ਤੋਂ ਬਾਅਦ ਊਧਵ ਠਾਕਰੇ ਦੇ ਕਰੀਬੀ ਸੰਜੇ ਰਾਉਤ ਨੇ ਦਾਅਵਾ ਕੀਤਾ ਕਿ ਬਾਗੀ ਨੇਤਾ ਏਕਨਾਥ ਸ਼ਿੰਦੇ ਧੜੇ ਦੇ 21 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਜਦੋਂ ਵੀ ਮੌਕਾ ਮਿਲੇਗਾ, ਗੱਠਜੋੜ ਸਰਕਾਰ ਆਪਣਾ ਬਹੁਮਤ ਸਾਬਤ ਕਰੇਗੀ। ਸੰਜੇ ਰਾਉਤ ਨੇ ਕਿਹਾ ਕਿ ਜਲਦੀ ਹੀ ਊਧਵ ਠਾਕਰੇ ਵਰਸ਼ਾ ਬੰਗਲੇ ਵਾਪਸ ਆਉਣਗੇ। ਦੱਸ ਦੇਈਏ ਕਿ ਊਧਵ ਠਾਕਰੇ ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ਵਰਸ਼ਾ ਛੱਡ ਕੇ ਮਾਤੋਸ਼੍ਰੀ ਚਲੇ ਗਏ ਸਨ।



ਊਧਵ ਠਾਕਰੇ ਦੀ ਮੀਟਿੰਗ ਤੋਂ ਪਹਿਲਾਂ, ਸ਼ਿਵ ਸੈਨਾ ਦੇ ਤਿੰਨ ਹੋਰ ਵਿਧਾਇਕ ਕੈਬਨਿਟ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗੀ ਕੈਂਪ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਅਸਾਮ ਦੀ ਰਾਜਧਾਨੀ ਗੁਹਾਟੀ ਪਹੁੰਚੇ।

ਮਹਾਰਾਸ਼ਟਰ ਦੇ ਮੰਤਰੀ ਗੁਲਾਬਰਾਓ ਪਾਟਿਲ ਸਮੇਤ ਚਾਰ ਵਿਧਾਇਕ ਬੁੱਧਵਾਰ ਸ਼ਾਮ ਨੂੰ ਗੁਹਾਟੀ ਲਈ ਰਵਾਨਾ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਸ਼ਿੰਦੇ ਆਪਣੇ ਨਾਲ ਮੌਜੂਦ ਵਿਧਾਇਕਾਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਫਿਰ ਫੈਸਲਾ ਕਰਨਗੇ ਕਿ ਮੁੰਬਈ ਕਦੋਂ ਵਾਪਸ ਜਾਣਾ ਹੈ। ਬੁੱਧਵਾਰ ਨੂੰ ਗੁਹਾਟੀ ਪਹੁੰਚਣ ਤੋਂ ਬਾਅਦ ਸ਼ਿੰਦੇ ਨੇ ਕੁਝ ਆਜ਼ਾਦ ਵਿਧਾਇਕਾਂ ਸਮੇਤ 46 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ।

ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਇਕ ਪੱਤਰ ਲਿਖਿਆ ਸੀ, ਜਿਸ 'ਤੇ ਸ਼ਿਵ ਸੈਨਾ ਦੇ 35 ਵਿਧਾਇਕਾਂ ਨੇ ਦਸਤਖਤ ਕੀਤੇ ਸਨ। ਇਸ ਵਿੱਚ ਸੁਨੀਲ ਪ੍ਰਭੂ ਦੀ ਥਾਂ ਭਰਤ ਗੋਗਾਵਲੇ ਨੂੰ ਸ਼ਿਵ ਸੈਨਾ ਵਿਧਾਇਕ ਦਲ ਦਾ ਚੀਫ਼ ਵ੍ਹਿਪ ਬਣਾਇਆ ਗਿਆ ਹੈ। ਸ਼ਿਵ ਸੈਨਾ ਦੇ ਕੁੱਲ 55 ਵਿਧਾਇਕ ਹਨ। ਉਨ੍ਹਾਂ ਵਿਚੋਂ ਬਹੁਤੇ ਬਾਗੀ ਹੋ ਗਏ ਹਨ।

ਸ਼ਿੰਦੇ ਨੇ ਕਿਹਾ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਕਾਂਗਰਸ ਐਮਵੀਏ ਗਠਜੋੜ ਵਿੱਚ ਮਜ਼ਬੂਤਹਨ, ਜਦੋਂ ਕਿ ਸਰਕਾਰ ਦੀ ਅਗਵਾਈ ਕਰਨ ਵਾਲੀ ਸ਼ਿਵ ਸੈਨਾ ਅਤੇ ਉਸਦੇ ਵਰਕਰ ਕਮਜ਼ੋਰ ਹੋ ਰਹੇ ਹਨ।