Manipur Violence Update : ਮਨੀਪੁਰ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹਿੰਸਾ ਕਾਰਨ ਇੱਕ ਪਾਰਟੀ ਨੇ ਐਨ ਬੀਰੇਨ ਸਿੰਘ (N Biren Singh) ਸਰਕਾਰ ਨੂੰ ਛੱਡ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਐੱਨਡੀਏ (NDA) ਦੀ ਸਹਿਯੋਗੀ ਪਾਰਟੀ ਕੁਕੀ ਪੀਪਲਜ਼ ਅਲਾਇੰਸ (Kuki Peoples Alliance)  ਨੇ ਮਨੀਪੁਰ ਵਿੱਚ ਐੱਨ ਬੀਰੇਨ ਸਿੰਘ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ।

 

ਕੁਕੀ ਪੀਪਲਜ਼ ਅਲਾਇੰਸ (ਕੇਪੀਏ) ਦੇ ਦੋ ਵਿਧਾਇਕ ਹਨ। ਪਾਰਟੀ ਨੇ ਐਤਵਾਰ (6 ਅਗਸਤ) ਨੂੰ ਰਾਜਪਾਲ ਅਨੁਸੂਈਆ ਉਈਕੇ ਨੂੰ ਲਿਖੇ ਇੱਕ ਪੱਤਰ ਵਿੱਚ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ। ਕੇਪੀਏ ਦੇ ਮੁਖੀ ਟੋਂਗਮਾਂਗ ਹਾਓਕਿਪ ਨੇ ਪੱਤਰ ਵਿੱਚ ਕਿਹਾ ਕਿ ਮੌਜੂਦਾ ਟਕਰਾਅ 'ਤੇ ਲੰਬੇ ਸਮੇਂ ਤੋਂ ਵਿਚਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਮਨੀਪੁਰ ਸਰਕਾਰ ਦਾ ਸਮਰਥਨ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਹੈ।

 

ਕੇਪੀਏ ਨੇ ਬੀਰੇਨ ਸਿੰਘ ਸਰਕਾਰ ਤੋਂ ਸਮਰਥਨ ਲਿਆ ਵਾਪਸ  


ਉਨ੍ਹਾਂ ਅੱਗੇ ਕਿਹਾ ਕਿ ਕੇਪੀਏ ਮਨੀਪੁਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਰਿਹਾ ਹੈ। 60 ਮੈਂਬਰੀ ਮਣੀਪੁਰ ਵਿਧਾਨ ਸਭਾ ਵਿੱਚ ਕੁਕੀ ਪੀਪਲਜ਼ ਅਲਾਇੰਸ ਦੇ ਦੋ ਵਿਧਾਇਕ (ਸੈਕੁਲ ਤੋਂ ਕੇ.ਐਚ. ਹੋਂਗਸ਼ਿੰਗ ਅਤੇ ਸਿੰਘਾਤ ਤੋਂ ਚਿਨਲੁੰਗਥਾਂਗ) ਹਨ। ਮਨੀਪੁਰ ਵਿਧਾਨ ਸਭਾ ਵਿੱਚ ਕੁਕੀ-ਜੋਮੀ ਭਾਈਚਾਰੇ ਦੇ 10 ਵਿਧਾਇਕ ਹਨ, ਜਿਨ੍ਹਾਂ ਵਿੱਚੋਂ ਸੱਤ ਭਾਜਪਾ ਨਾਲ ਸਬੰਧਤ ਹਨ, ਦੋ ਕੁਕੀ ਪੀਪਲਜ਼ ਅਲਾਇੰਸ ਨਾਲ ਸਬੰਧਤ ਹਨ ਅਤੇ ਇੱਕ ਆਜ਼ਾਦ ਹੈ।

 

ਕੀ ਭਾਜਪਾ ਸਰਕਾਰ ਨੂੰ ਹੋਵੇਗਾ ਕੋਈ ਖਤਰਾ ?


ਹਾਲਾਂਕਿ ਕੇਪੀਏ ਦੇ ਇਸ ਕਦਮ ਨਾਲ ਸਰਕਾਰ ਨੂੰ ਕੋਈ ਖਤਰਾ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੈ। ਭਾਜਪਾ ਕੋਲ ਸਭ ਤੋਂ ਵੱਧ 37 ਸੀਟਾਂ ਹਨ। ਇਸ ਤੋਂ ਇਲਾਵਾ ਪਾਰਟੀ ਨੂੰ ਪੰਜ ਐਨਪੀਐਫ, ਸੱਤ ਐਨਪੀਪੀ ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਮਨੀਪੁਰ ਵਿੱਚ ਕਾਂਗਰਸ ਕੋਲ ਪੰਜ ਅਤੇ ਜੇਡੀਯੂ ਕੋਲ ਇੱਕ ਸੀਟ ਵਿਰੋਧੀ ਧਿਰ ਵਿੱਚ ਹੈ।

ਮਨੀਪੁਰ ਹਿੰਸਾ ਵਿੱਚ 160 ਤੋਂ ਵੱਧ ਮੌਤਾਂ

ਮਨੀਪੁਰ ਵਿੱਚ 3 ਮਈ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿੱਚ ਕਬਾਇਲੀ ਏਕਤਾ ਮਾਰਚ ਦੌਰਾਨ ਹਿੰਸਾ ਭੜਕ ਗਈ ਸੀ। ਪਿਛਲੇ ਤਿੰਨ ਮਹੀਨਿਆਂ ਵਿੱਚ ਸੂਬੇ ਵਿੱਚ ਜਾਤੀ ਹਿੰਸਾ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।