New Delhi: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਨੂੰ ਮੰਗਲਵਾਰ (4 ਜੁਲਾਈ) ਨੂੰ ਸਿਹਤ ਵਿਗੜਨ ਤੋਂ ਬਾਅਦ ਇੱਕ ਵਾਰ ਫਿਰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਰਿਪੋਰਟਾਂ ਦੇ ਅਨੁਸਾਰ, ਉਹ ਮਲਟੀਪਲ ਸਕਲੇਰੋਸਿਸ ਤੋਂ ਪੀੜਤ ਹਨ, ਜੋ ਕਿ ਇੱਕ ਪੁਰਾਣੀ ਆਟੋਇਮਿਊਨ ਬਿਮਾਰੀ ਹੈ। ਇਹ ਬਿਮਾਰੀ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਦੱਸਿਆ ਗਿਆ ਹੈ ਕਿ ਇਸ ਦੇ ਲੱਛਣ ਲਗਾਤਾਰ ਵਿਗੜ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ।


ਮਲਟੀਪਲ ਸਕੇਲੇਰੋਸਿਸ ਇੱਕ ਬਿਮਾਰੀ ਹੈ ਜੋ ਇਮਿਊਨ ਸਿਸਟਮ ਨੂੰ ਨਸਾਂ ਦੇ ਤੰਤੂਆਂ ਦੇ ਸੁਰੱਖਿਆ ਢੱਕਣ 'ਤੇ ਹਮਲਾ ਕਰਨ ਦਾ ਕਾਰਨ ਬਣਦੀ ਹੈ। ਨਤੀਜੇ ਵਜੋਂ ਦਿਮਾਗ ਅਤੇ ਬਾਕੀ ਸਰੀਰ ਵਿਚਕਾਰ ਸੰਚਾਰ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਮੇਂ ਦੇ ਨਾਲ, ਇਸ ਨਾਲ ਸਰੀਰ ਉੱਤੇ ਕਾਬੂ ਪਾਉਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ।


ਦਰਅਸਲ, ਮਨੀਸ਼ ਸਿਸੋਦੀਆ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਜੇਲ੍ਹ ਵਿੱਚ ਹਨ, ਜਦੋਂ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਪੜ੍ਹ ਰਿਹਾ ਹੈ। ਘਰ ਵਿਚ ਇਕੱਲੇ ਰਹਿਣ ਕਾਰਨ ਸੀਮਾ ਸਿਸੋਦੀਆ ਦੀ ਸਿਹਤ 'ਤੇ ਮਾੜਾ ਅਸਰ ਪਿਆ ਹੈ ਅਤੇ ਤਣਾਅ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਹਾਲ ਹੀ 'ਚ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ।


ਮਲਟੀਪਲ ਸਕੇਲੇਰੋਸਿਸ ਲਈ ਕੋਈ ਜਾਣਿਆ-ਪਛਾਣਿਆ ਇਲਾਜ ਨਹੀਂ


ਡਾਕਟਰਾਂ ਮੁਤਾਬਕ ਸੀਮਾ ਸਿਸੋਦੀਆ ਬਿਮਾਰੀ ਦੇ ਵਧਣ ਕਾਰਨ ਹੌਲੀ-ਹੌਲੀ ਆਪਣੇ ਸਰੀਰ 'ਤੇ ਕਾਬੂ ਕਰਨ ਵਿੱਚ ਅਸਮਰਥ ਹੋ ਰਹੀ ਹੈ। ਉਨ੍ਹਾਂ ਨੂੰ ਹੋਰ ਇਲਾਜ ਅਤੇ ਪ੍ਰਬੰਧਨ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 49 ਸਾਲਾ ਸੀਮਾ ਸਿਸੋਦੀਆ ਨੂੰ ਸਾਲ 2000 ਵਿੱਚ ਮਲਟੀਪਲ ਸਕੇਲੇਰੋਸਿਸ - ਇੱਕ ਗੰਭੀਰ ਆਟੋਇਮਿਊਨ ਬਿਮਾਰੀ ਬਾਰੇ ਪਤਾ ਲੱਗਿਆ ਸੀ।  ਉਹ ਪਿਛਲੇ 23 ਸਾਲਾਂ ਤੋਂ ਇਸ ਦਾ ਇਲਾਜ ਕਰਵਾ ਰਹੀ ਹੈ।


ਇਹ ਵੀ ਪੜ੍ਹੋ: UCC Draft : ਸੀਐਮ ਪੁਸ਼ਕਰ ਸਿੰਘ ਧਾਮੀ ਨੇ ਦਿੱਲੀ 'ਚ PM ਮੋਦੀ ਨਾਲ ਕੀਤੀ ਮੁਲਾਕਾਤ , ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ?


ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਪ੍ਰਭਾਵ ਸਮੇਂ ਦੇ ਨਾਲ ਅਤੇ ਹੋਰ ਕਾਰਕਾਂ ਜਿਵੇਂ ਕਿ ਸਰੀਰਕ ਅਤੇ ਭਾਵਨਾਤਮਕ ਤਣਾਅ ਦੇ ਨਾਲ ਵੱਧ ਜਾਂਦਾ ਹੈ।


ਮਲਟੀਪਲ ਸਕੇਲੇਰੋਸਿਸ ਨੂੰ 2016 ਤੋਂ ਅਪਾਹਜ ਵਿਅਕਤੀਆਂ ਦੇ ਅਧਿਕਾਰ ਕਾਨੂੰਨ ਦੇ ਤਹਿਤ ਅਪੰਗਤਾ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਬਿਮਾਰੀ ਦਿਮਾਗ ਅਤੇ ਬਾਕੀ ਮਨੁੱਖੀ ਸਰੀਰ ਵਿਚਕਾਰ ਸੰਚਾਰ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਆਖਰਕਾਰ ਇਹ ਬਿਮਾਰੀ ਨਰਵ ਫਾਈਬਰਾਂ ਦੇ ਸਥਾਈ ਨੁਕਸਾਨ ਜਾਂ ਪਤਨ ਦਾ ਕਾਰਨ ਵੀ ਬਣ ਸਕਦੀ ਹੈ। ਦੁਨੀਆ ਭਰ ਵਿੱਚ ਮਲਟੀਪਲ ਸਕੇਲੇਰੋਸਿਸ ਦਾ ਕੋਈ ਜਾਣਿਆ-ਪਛਾਣਿਆ ਇਲਾਜ ਨਹੀਂ ਹੈ। ਕੁਝ ਕਿਸਮ ਦੀਆਂ ਦਵਾਈਆਂ, ਫਿਜ਼ੀਓਥੈਰੇਪੀ ਅਤੇ ਇਲਾਜ ਬਿਮਾਰੀ ਦੀ ਸ਼ੁਰੂਆਤ ਨੂੰ ਹੌਲੀ ਕਰ ਸਕਦੇ ਹਨ।


ਸੀਮਾ ਸਿਸੋਦੀਆ ਨੂੰ ਕਰਨਾ ਪੈ ਰਿਹਾ ਕਾਫੀ ਪਰੇਸ਼ਾਨੀ ਦਾ ਸਾਹਮਣਾ


ਆਪਣੀ ਸਥਿਤੀ ਦੇ ਨਤੀਜੇ ਵਜੋਂ, ਸੀਮਾ ਸਿਸੋਦੀਆ ਨੂੰ ਅਜਿਹੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਗਤੀਸ਼ੀਲਤਾ ਵਿੱਚ ਕਮੀ ਅਤੇ ਬਲੈਡਰ ਨਿਯੰਤਰਣ ਵਿੱਚ ਸਮੱਸਿਆਵਾਂ ਸ਼ਾਮਲ ਹਨ। ਜਿਵੇਂ-ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਮਾਸਪੇਸ਼ੀਆਂ 'ਤੇ ਪਾਉਣਾ ਨਿਯੰਤਰਣ ਖਤਮ ਹੋ ਜਾਂਦਾ ਹੈ, ਜਿਸ ਨਾਲ ਹੌਲੀ-ਹੌਲੀ ਮਰੀਜ਼ ਦੀ ਤੁਰਨ ਜਾਂ ਬੋਲਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ।


ਡਾਕਟਰਾਂ ਨੇ ਕਿਹਾ ਹੈ ਕਿ ਸੀਮਾ ਸਿਸੋਦੀਆ ਦੀ ਸਰੀਰਕ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਨਿਯਮਤ ਫਿਜ਼ੀਓਥੈਰੇਪੀ ਅਤੇ ਦਵਾਈਆਂ ਦੀ ਲੋੜ ਹੈ। ਉਨ੍ਹਾਂ ਨੂੰ ਨਿਯਮਤ ਟੈਸਟਾਂ ਅਤੇ ਇਲਾਜ ਦੀ ਵੀ ਲੋੜ ਹੈ। ਡਾਕਟਰਾਂ ਮੁਤਾਬਕ ਸੀਮਾ ਸਿਸੋਦੀਆ ਨੂੰ ਤੁਰਨ-ਫਿਰਨ ਅਤੇ ਬੈਠਣ ਵਿਚ ਕਾਫੀ ਦਿੱਕਤ ਆ ਰਹੀ ਹੈ।


ਇਹ ਵੀ ਪੜ੍ਹੋ: ਭਾਜਪਾ ਨੇ ਕਈ ਸੂਬਾ ਪ੍ਰਧਾਨ ਬਦਲੇ, ਪੰਜਾਬ 'ਚ ਸੁਨੀਲ ਜਾਖੜ, ਤੇਲੰਗਾਨਾ 'ਚ ਕਿਸ਼ਨ ਰੈਡੀ, ਆਂਧਰਾ 'ਚ ਡੀ ਪੁਰੰਡੇਸ਼ਵਰੀ ਅਤੇ ਝਾਰਖੰਡ 'ਚ ਬਾਬੂਲਾਲ ਮਰਾਂਡੀ ਨੂੰ ਸੌਂਪੀ ਕਮਾਨ