Lok Sabha Elections 2024 : ਦੇਸ਼ ਵਿੱਚ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਵਿੱਚ ਬਹੁਤਾ ਸਮਾਂ ਬਾਕੀ ਨਹੀਂ ਹੈ। ਜਿਸ ਦੇ ਮੱਦੇਨਜ਼ਰ ਸਾਰੀਆਂ ਮੁੱਖ ਪਾਰਟੀਆਂ ਆਪਣੀਆਂ ਤਿਆਰੀਆਂ 'ਚ ਰੁੱਝੀਆਂ ਹੋਈਆਂ ਹਨ। ਜਿੱਥੇ ਵਿਰੋਧੀ ਪਾਰਟੀਆਂ ਨੇ ਮਹਾਗਠਜੋੜ ਬਣਾ ਲਿਆ ਹੈ, ਉੱਥੇ ਹੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਵੀ ਗੁੱਟ ਵਧਦਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਭਾਜਪਾ ਦਾ ਮਾਸਟਰ ਪਲਾਨ ਹਰ ਮਹੀਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਹੈ।

 

ਸਪਾ ਵਿਧਾਇਕ ਦਾਰਾ ਸਿੰਘ ਚੌਹਾਨ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸੁਭਾਸਪਾ ਦੇ ਪ੍ਰਧਾਨ ਓਪੀ ਰਾਜਭਰ ਅਤੇ ਲੋਜਪਾ ਦੇ ਚਿਰਾਗ ਪਾਸਵਾਨ ਵੀ ਹੁਣ ਭਾਜਪਾ ਨਾਲ ਹਨ। ਇਸ ਤੋਂ ਇਲਾਵਾ 24 ਜੁਲਾਈ ਨੂੰ ਸਪਾ ਅਤੇ ਐਲਡੀ ਦੇ ਕਈ ਆਗੂ ਪਾਰਟੀ ਵਿੱਚ ਸ਼ਾਮਲ ਹੋਣਗੇ।

 

 ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਇਹ ਆਗੂ 


ਸੂਤਰਾਂ ਦਾ ਕਹਿਣਾ ਹੈ ਕਿ ਆਰਐਲਡੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਰਾਜਪਾਲ ਸੈਣੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਸਾਹਬ ਸਿੰਘ ਸੈਣੀ ਵੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸਪਾ ਨੇਤਾ ਜਗਦੀਸ਼ ਸੋਨਕਰ, ਸਪਾ ਨੇਤਾ ਸੁਸ਼ਮਾ ਪਟੇਲ, ਗੁਲਾਬ ਸਰੋਜ ਅਤੇ ਸਾਬਕਾ ਵਿਧਾਇਕ ਅੰਸ਼ੁਲ ਵਰਮਾ ਵੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।



ਵੱਧਦਾ ਜਾ ਰਿਹਾ ਹੈ ਐਨਡੀਏ ਦਾ ਪਰਿਵਾਰ 

ਬੀਤੀ 18 ਜੁਲਾਈ ਨੂੰ ਭਾਜਪਾ ਦੀ ਅਗਵਾਈ ਵਿੱਚ ਦਿੱਲੀ ਵਿੱਚ ਐਨਡੀਏ ਦੀ ਮੀਟਿੰਗ ਹੋਈ, ਜਿਸ ਵਿੱਚ ਸੱਤਾਧਾਰੀ ਪਾਰਟੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੀਟਿੰਗ ਵਿੱਚ 38 ਪਾਰਟੀਆਂ ਨੇ ਹਿੱਸਾ ਲਿਆ ਸੀ। ਇਸ ਮੀਟਿੰਗ ਤੋਂ ਪਹਿਲਾਂ ਓਪੀ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਅਤੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਐਨਡੀਏ ਵਿੱਚ ਸ਼ਾਮਲ ਹੋ ਗਈ ਸੀ।


 

ਵਿਰੋਧੀ ਪਾਰਟੀਆਂ ਦਾ ਮਹਾਗਠਜੋੜ

ਇੱਕ ਪਾਸੇ ਜਿੱਥੇ ਐਨਡੀਏ ਵਿੱਚ ਪਾਰਟੀਆਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੀ ਮਹਾਗਠਜੋੜ ਬਣਾ ਲਿਆ ਹੈ। ਇਸ ਗਠਜੋੜ ਨੂੰ ‘ਇੰਡੀਆ’ ਦਾ ਨਾਂ ਦਿੱਤਾ ਗਿਆ ਹੈ। ਹੁਣ ਤੱਕ 26 ਪਾਰਟੀਆਂ ਇਸ ਵਿੱਚ ਸ਼ਾਮਲ ਹਨ। ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ ਮੁੰਬਈ ਵਿੱਚ ਬੁਲਾਈ ਗਈ ਹੈ। ਜਿੱਥੇ ਇਸ ਮੋਰਚੇ ਦੇ ਕੋਆਰਡੀਨੇਟਰ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।