ਬੱਚੇ ਦੀ ਕਸਟੱਡੀ ਦੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਦਰਾਸ ਹਾਈ ਕੋਰਟ ਨੇ ਵਿਆਹ ਨੂੰ ਲੈ ਕੇ ਅਹਿਮ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਕਿਹਾ ਕਿ ਵਿਆਹ ਦਾ ਮਤਲਬ ਸਿਰਫ਼ ਸਰੀਰਕ ਸੁੱਖ ਪ੍ਰਾਪਤ ਕਰਨਾ ਨਹੀਂ ਹੈ ,ਸਗੋਂ ਪਰਿਵਾਰ ਨੂੰ ਅੱਗੇ ਵਧਾਉਣਾ ਵੀ ਜ਼ਰੂਰੀ ਹੈ।
ਅਦਾਲਤ ਨੇ ਕਿਹਾ ਕਿ ਇਹ ਇੱਕੋ ਇੱਕ ਆਧਾਰ ਹੈ, ਜਿਸ ਤੋਂ ਪਰਿਵਾਰ ਦੀ ਲੜੀ ਅੱਗੇ ਵਧਦੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਆਹ ਵਿੱਚ ਬੱਚੇ ਜੋੜੇ ਦੇ ਵਿਚਕਾਰ ਉਨ੍ਹਾਂ ਨੂੰ ਇਕੱਠੇ ਰੱਖਣ ਦਾ ਆਧਾਰ ਹੁੰਦੇ ਹਨ। ਜਸਟਿਸ ਕ੍ਰਿਸ਼ਨਨ ਰਾਮਾਸਵਾਮੀ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਜੋੜੇ ਦਾ ਰਿਸ਼ਤਾ ਖਤਮ ਹੋ ਸਕਦਾ ਹੈ ਪਰ ਉਹ ਬੱਚਿਆਂ ਨਾਲ ਮਾਂ ਅਤੇ ਪਿਤਾ ਦੇ ਤੌਰ 'ਤੇ ਰਿਸ਼ਤਾ ਬਣਾ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਲਈ ਉਸ ਦੀ ਮਾਂ ਅਤੇ ਪਿਤਾ ਦੋਵੇਂ ਅਹਿਮ ਹੁੰਦੇ ਹਨ, ਭਾਵੇਂ ਉਨ੍ਹਾਂ ਵਿੱਚੋਂ ਕਿਸੇ ਨੇ ਹੋਰ ਵਿਆਹ ਕਰਵਾ ਲਿਆ ਹੋਵੇ। ਅਦਾਲਤ ਨੇ ਇਹ ਟਿੱਪਣੀ ਬੱਚੇ ਦੀ ਕਸਟਡੀ ਨੂੰ ਲੈ ਕੇ ਵਕੀਲ ਜੋੜੇ ਦਰਮਿਆਨ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਕੀਤੀ ਹੈ।
ਇਸ 'ਤੇ ਸੁਣਵਾਈ ਕਰਦਿਆਂ ਜਸਟਿਸ ਰਾਮਾਸਵਾਮੀ ਨੇ ਕਿਹਾ, 'ਬੱਚੇ ਨੂੰ ਆਪਣੀ ਹੀ ਮਾਂ ਜਾਂ ਪਿਤਾ ਦੇ ਖਿਲਾਫ ਖੜ੍ਹਾ ਕਰਨਾ ਗਲਤ ਹੈ। ਇਹ ਇੱਕ ਤਰ੍ਹਾਂ ਨਾਲ ਉਸਨੂੰ ਆਪਣੇ ਹੀ ਖਿਲਾਫ਼ ਕਰਨਾ ਹੈ। ਬੱਚੇ ਨੂੰ ਸਿੱਧੇ ਤੌਰ 'ਤੇ ਦੋਵੇਂ ਹੱਥਾਂ ਦੀ ਲੋੜ ਹੁੰਦੀ ਹੈ, ਭਾਵ ਉਸ ਲਈ ਮਾਂ ਅਤੇ ਪਿਤਾ ਜ਼ਰੂਰੀ ਹਨ। ਬੱਚਿਆਂ ਨੂੰ ਪੂਰੀ ਜ਼ਿੰਦਗੀ ਲਈ ਅਤੇ ਖਾਸ ਕਰਕੇ ਬਾਲਗ ਹੋਣ ਤੱਕ ਮਾਂ-ਬਾਪ ਦੀ ਲੋੜ ਹੁੰਦੀ ਹੈ।