ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਦਰਮਿਆਨ ਪੰਜਾਬ ਤੇ ਹਰਿਆਣਾ 'ਚ ਦੁੱਧ ਦੀ ਪੈਦਾਵਾਰ ਘਟ ਰਹੀ ਹੈ। ਇਸ ਦਰਮਿਆਨ ਦੁੱਧ ਦੀ ਪੈਦਾਵਰ 'ਚ 5.40 ਲੱਖ ਤੋਂ ਲੀਟਰ ਤੋਂ 2.25 ਲੱਖ ਲੀਟਰ ਤਕ ਦੀ ਗਿਰਾਵਟ ਆਈ ਹੈ।
ਇਹ ਜਵਾਬ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਲਾ ਵੱਲੋਂ ਚੱਲ ਰਹੇ ਸੰਸਦੀ ਸੈਸ਼ਨ 'ਚ ਦਿੱਤਾ ਗਿਆ ਹੈ। ਇਹ ਜਵਾਬ ਉਨ੍ਹਾਂ ਬਸਪਾ ਸੰਸਦ ਮੈਂਬਰ ਮਲੂਕ ਨਗਰ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਦਿੱਤਾ ਗਿਆ ਹੈ ਕਿ ਕੀ ਦੇਸ਼ ਵਿਚ ਲੌਕਡਾਊਨ ਤੇ ਮਹਾਂਮਾਰੀ ਕਾਰਨ ਸਹਿਕਾਰੀ ਡੇਅਰੀ ਕਾਰੋਬਾਰ ਠੱਪ ਹੋ ਗਿਆ ਹੈ?
ਮੰਤਰੀ ਨੇ ਜਵਾਬ ਦਿੰਦਿਆ ਦੱਸਿਆ ਕਿ ਪੰਜਾਬ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ 22.88 ਲੱਖ ਲੀਟਰ ਪੈਦਾਵਰ ਕੀਤੀ ਸੀ। ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 25.5 ਲੱਖ ਲੀਟਰ ਸੀ। ਦੂਜੇ ਪਾਸੇ ਹਰਿਆਣਾ 'ਚ ਅਪ੍ਰੈਲ 'ਚ 5.19 ਲੱਖ ਲੀਟਰ ਪ੍ਰਤੀ ਦਿਨ ਰਿਕਾਰਡ ਹੋਇਆ, ਜਦਕਿ ਇਸ ਸਮੇਂ ਦੌਰਾਨ ਪਿਛਲੇ ਸਾਲ ਇਹ ਅੰਕੜਾ 7.44 ਲੱਖ ਲੀਟਰ ਸੀ।
ਹਾਲਾਂਕਿ ਦੋਵਾਂ ਸੂਬਿਆਂ ਦੀ ਸਾਲ 2019 'ਚ ਪੰਜਾਬ ਦੀ 19.9 ਲੱਖ ਲੀਟਰ ਤੇ ਹਰਿਆਣਾ ਦੀ 4.74 ਲੱਖ ਲੀਟਰ ਦੀ ਪੈਦਾਵਰ ਦੇ ਅੰਕੜਿਆਂ ਦੇ ਮੁਕਾਬਲੇ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਜਵਾਬ ਦਿੱਤਾ ਕਿ ਰਾਸ਼ਟਰੀ ਪੱਧਰ 'ਤੇ ਅੰਕੜਿਆਂ 'ਚ ਸਾਲ 2019 'ਚ 480 ਲੱਖ ਲੀਟਰ ਪ੍ਰਤੀ ਦਿਨ ਤੋਂ ਇਸ ਸਾਲ 512.13 ਲੱਖ ਲੀਟਰ ਪ੍ਰਤੀ ਦਿਨ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ 'ਚ ਦੁੱਧ ਦੀ ਕੀਮਤ 40.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦਕਿ ਹਰਿਆਣਾ 'ਚ ਇਹ ਕੀਮਤ 37.80 ਰੁਪਏ ਤੋਂ ਘੱਟ ਕੇ 37.20 ਰੁਪਏ ਪ੍ਰਤੀ ਲੀਟਰ ਰਹਿ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿਚ ਕਿਸਾਨਾਂ ਨੂੰ ਕਾਰਜਸ਼ੀਲ ਪੂੰਜੀ ਲੋਨ ਮੁਹੱਈਆ ਕਰਾਉਣ ਦੇ ਨਾਲ ਸਰਕਾਰ ਨੇ ਅੱਜ ਤਕ 12 ਲੱਖ ਤੋਂ ਵੱਧ ਕਿਸਾਨ ਕ੍ਰੈਡਿਟ ਕਾਰਡਾਂ ਨੂੰ ਮਨਜੂਰੀ ਦਿੱਤੀ ਹੈ।