1 ਅਪ੍ਰੈਲ, 2021 ਤੋਂ ਤੁਹਾਡੀ ਗ੍ਰੈਚੁਇਟੀ, ਪ੍ਰੌਵੀਡੈਂਟ ਫ਼ੰਡ ਤੇ ਕੰਮ ਦੇ ਘੰਟਿਆਂ ’ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਕਰਮਚਾਰੀਆਂ ਨੂੰ ਗ੍ਰੈਚੂਇਟੀ ਤੇ ਪ੍ਰੌਵੀਡੈਂਟ ਫ਼ੰਡ ਮਦ ਵਿੱਚ ਵਾਧਾ ਹੋਵੇਗਾ। ਉੱਥੇ ਹੱਥ ’ਚ ਆਉਣ ਵਾਲਾ ਪੈਸਾ (ਟੇਕ ਹੋਮ ਸੈਲਰੀ) ਘਟੇਗਾ। ਇੱਥੋਂ ਤੱਕ ਕਿ ਕੰਪਨੀਆਂ ਦੀ ਬੈਲੈਂਸ ਸ਼ੀਟ ਵੀ ਪ੍ਰਭਾਵਿਤ ਹੋਵੇਗੀ। ਇਸ ਦਾ ਕਾਰਨ ਹਨ ਪਿਛਲੇ ਸੰਸਦ ’ਚ ਪਾਸ ਕੀਤੇ ਗਏ ਤਿੰਨ ਮਜ਼ਦੂਰੀ ਕੋਡ ਬਿੱਲ। ਇਨ੍ਹਾਂ ਬਿੱਲਾਂ ਦੇ ਇਸ ਵਰ੍ਹੇ 1 ਅਪ੍ਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।

ਮਜ਼ਦੂਰੀ ਜਾਂ ਉਜਰਤ ਦੀ ਨਵੀਂ ਪਰਿਭਾਸ਼ਾ ਅਧੀਨ ਭੱਤੇ ਕੁੱਲ ਤਨਖ਼ਾਹ ਦੇ ਵੱਧ ਤੋਂ ਵੱਧ 50 ਫ਼ੀਸਦੀ ਹੋਣਗੇ। ਇਸ ਦਾ ਮਤਲਬ ਹੈ ਕਿ ਬੇਸਿਕ ਪੇਅ (ਸਰਕਾਰੀ ਨੌਕਰੀਆਂ ’ਚ ਬੇਸਿਕ ਪੇਅ ਤੇ ਮਹਿੰਗਾਈ ਭੱਤਾ) ਅਪ੍ਰੈਲ ਤੋਂ ਕੁੱਲ ਤਨਖ਼ਾਹ ਦਾ 50 ਫ਼ੀਸਦੀ ਜਾਂ ਵੱਧ ਹੋਣਾ ਚਾਹੀਦਾ ਹੈ।

ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਰੁਜ਼ਗਾਰਦਾਤੇ ਤੇ ਮਜ਼ਦੂਰਾਂ/ਕਰਮਚਾਰੀਆਂ ਦੋਵਾਂ ਲਈ ਫ਼ਾਇਦੇਮੰਦ ਸਿੱਧ ਹੋਣਗੇ। ਬੇਸਿਕ ਤਨਖ਼ਾਹ ਵਧਣ ਨਾਲ ਪੀਐਫ਼ ਵੀ ਵਧੇਗਾ।

ਇਸ ਤਰ੍ਹਾਂ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੀ ਰਕਮ ਵਿੱਚ ਵਾਧਾ ਹੋਵੇਗਾ। ਇਸ ਨਾਲ ਲੋਕਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਸੁਖਾਵਾਂ ਜੀਵਨ ਜਿਊਣ ’ਚ ਆਸਾਨੀ ਹੋਵੇਗੀ।

ਨਵੇਂ ਕਾਨੂੰਨ ’ਚ ਕੰਮਕਾਜ ਦੇ ਵੱਧ ਤੋਂ ਵੱਧ ਘੰਟੇ ਵਧਾ ਕੇ 12 ਕਰਨ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਹੈ। ਓਐਸਐਚ ਕੋਡ ਦੇ ਡ੍ਰਾਫ਼ਟ ਨਿਯਮਾਂ ਵਿੱਚ 15 ਤੋਂ 30 ਮਿੰਟ ਤੱਕ ਦੇ ਵਾਧੂ ਕੰਮਕਾਜ ਨੂੰ ਵੀ ਓਵਰਟਾਈਮ ’ਚ ਸ਼ਾਮਲ ਕਰਨ ਦੀ ਵਿਵਸਥਾ ਹੈ। ਨਵੇਂ ਨਿਯਮ ਅਨੁਸਾਰ ਕਿਸੇ ਵੀ ਕਰਮਚਾਰੀ ਤੋਂ ਲਗਾਤਾਰ ਪੰਜ ਘੰਟੇ ਕੰਮ ਕਰਵਾਉਣ ਤੋਂ ਬਾਅਦ ਇੱਕ ਬ੍ਰੇਕ ਜ਼ਰੂਰ ਦੇਣਾ ਹੋਵੇਗਾ।