Road Accident: ਕੇਂਦਰ ਸਰਕਾਰ ਦੇਸ਼ ਭਰ ਵਿੱਚ ਘਟੀਆ ਕੁਆਲਿਟੀ ਵਾਲੇ ਬਾਈਕ ਹੈਲਮੇਟ ਖ਼ਿਲਾਫ਼ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਸੜਕ ਹਾਦਸਿਆਂ ਵਿੱਚ ਮੌਤਾਂ ਅਤੇ ਸੱਟਾਂ ਦਾ ਇੱਕ ਵੱਡਾ ਕਾਰਨ ਘਟੀਆ ਗੁਣਵੱਤਾ ਵਾਲੇ ਹੈਲਮੇਟ ਹਨ। 'ਦਿ ਮਿੰਟ' ਦੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਰਾਜਾਂ ਨੂੰ ਪੱਤਰ ਵੀ ਭੇਜਿਆ ਹੈ। ਰਾਜਾਂ ਨੂੰ ਭੇਜੇ ਪੱਤਰ ਵਿੱਚ ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਬਿਨਾਂ ISI ਰਜਿਸਟ੍ਰੇਸ਼ਨ ਦੇ ਹੈਲਮੇਟ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਨੇ ਆਪਣੇ ਪੱਤਰ ਵਿੱਚ ਕਿਹਾ, ਇਹ ਦੇਖਿਆ ਗਿਆ ਹੈ ਕਿ ਬਿਨਾਂ ਬੀਆਈਐਸ ਸਰਟੀਫਿਕੇਟ ਤੋਂ ਸੜਕ ਕਿਨਾਰੇ ਹੈਲਮੇਟ ਵੇਚੇ ਜਾਂਦੇ ਹਨ। ਇਹ ਸੜਕ ਹਾਦਸਿਆਂ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਹੈ।
ਪੱਤਰ 'ਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੀ.ਆਈ.ਐੱਸ. ਲਾਇਸੈਂਸ ਅਤੇ ਫੇਕ ISI ਮਾਰਕ ਤੋਂ ਬਿਨਾਂ ਹੈਲਮੇਟ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿੱਜੀ ਤੌਰ 'ਤੇ ਘਟੀਆ ਕੁਆਲਿਟੀ ਦੇ ਹੈਲਮੇਟ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਾਰਤ ਵਿੱਚ ਬਣੇ ਉਦਯੋਗਿਕ ਉਤਪਾਦਾਂ ਨੂੰ ISI ਮਾਰਕ ਦਿੱਤਾ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਕੋਈ ਉਤਪਾਦ ਭਾਰਤੀ ਮਿਆਰ ਬਿਊਰੋ (BIS) ਦੁਆਰਾ ਵਿਕਸਤ ਭਾਰਤੀ ਮਿਆਰਾਂ ਦੇ ਅਨੁਕੂਲ ਹੈ।
ਭਾਰਤ ਵਿੱਚ ਸਰਕਾਰ ਨੇ ਦੋਪਹੀਆ ਵਾਹਨਾਂ ਵਿੱਚ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਦੋ ਪਹੀਆ ਵਾਹਨ 'ਤੇ ਦੋ ਵਿਅਕਤੀਆਂ ਨੂੰ ਬੈਠਣ ਦੀ ਇਜਾਜ਼ਤ ਹੈ ਅਤੇ ਦੋਵਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੈ। ਇੰਨਾ ਹੀ ਨਹੀਂ ਵਾਹਨ ਕੰਪਨੀਆਂ ਵੱਲੋਂ ਬਾਈਕ ਖਰੀਦਣ 'ਤੇ ਹੈਲਮੇਟ ਵੀ ਦਿੱਤਾ ਜਾਂਦਾ ਹੈ।
2022 ਵਿੱਚ ਸੜਕ ਹਾਦਸਿਆਂ ਵਿੱਚ 25228 ਲੋਕਾਂ ਦੀ ਮੌਤ
ਦੁਨੀਆ ਵਿੱਚ ਸਭ ਤੋਂ ਵੱਧ ਦੋ ਪਹੀਆ ਵਾਹਨ ਭਾਰਤ ਵਿੱਚ ਵਰਤੇ ਜਾਂਦੇ ਹਨ। ਕੇਂਦਰੀ ਟਰਾਂਸਪੋਰਟ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2022 ਵਿੱਚ ਦੇਸ਼ ਵਿੱਚ 63115 ਸੜਕ ਹਾਦਸਿਆਂ ਵਿੱਚ 25228 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਹਾਦਸੇ ਦੋ ਪਹੀਆ ਵਾਹਨਾਂ ਕਾਰਨ ਹੋਏ ਸਨ, ਇਸ ਤੋਂ ਪਹਿਲਾਂ 2021 ਵਿੱਚ 52416 ਹਾਦਸੇ ਵਾਪਰੇ ਸਨ ਅਤੇ 22786 ਲੋਕਾਂ ਦੀ ਮੌਤ ਹੋ ਗਈ ਸੀ। 2023 ਦੇ ਮੁਕਾਬਲੇ 2024 ਵਿੱਚ ਸੜਕ ਹਾਦਸਿਆਂ ਵਿੱਚ 20.4% ਅਤੇ ਮੌਤਾਂ ਵਿੱਚ 10.7% ਵਾਧਾ ਹੋਇਆ ਹੈ।