ਮੁੰਬਈ: ਅੱਜ ਯਾਨੀ 11 ਜਨਵਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਸਿਨੇਮ ਮਾਘਰਾਂ ‘ਚ ਲੱਗ ਚੁੱਕੀ ਹੈ। ਫ਼ਿਲਮ ‘ਚ ਅਨੁਪਮ ਖੇਰ ਨੇ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਚ ਕਈ ਘਟਨਾਵਾਂ ‘ਚ ਸੱਚਾਈ ਨਹੀਂ ਹੈ।
ਫ਼ਿਲਮ ਦੇ ਡਿਸਕਲੇਮਰ ‘ਚ ਲਿਖਿਆ ਹੈ ਕਿ ਸਾਰੇ ਕਿਰਦਾਰ, ਥਾਂ ਤੇ ਘਟਨਾਵਾਂ ਕਾਲਪਨਿਕ ਹਨ ਤੇ ਕਿਤਾਬ ਮੁਤਾਬਕ ਦਿਖਾਈਆਂ ਗਈਆਂ ਹਨ ਪਰ ਅਜਿਹਾ ਨਹੀਂ ਹੈ। ਇਸ ‘ਚ ਸੁਸ਼ਮਾ ਸਵਰਾਜ, ਅਡਵਾਨੀ ਤੇ ਪੀਐਮ ਨਰੇਂਦਰ ਮੋਦੀ ਦੇ ਭਾਸਨਾਂ ਦੀ ਅਸਲ ਫੁਟੇਜ ਦਾ ਇਸਤੇਮਾਲ ਕੀਤਾ ਗਿਆ ਹੈ।
ਫ਼ਿਲਮ ਦੇ ਖ਼ਤਮ ਹੁੰਦੇ-ਹੁੰਦੇ ਪੀਐਮ ਮੋਦੀ ਕਹਿੰਦੇ ਹਨ, “ਮਾਂ-ਬੇਟੇ ਦੀ ਸਰਕਾਰ ਤਾਂ ਜਾਵੇਗੀ।” ਹੁਣ ਕਾਲਪਨਿਕ ਕਹਿ ਕੇ ਅਸਲ ਫੁਟੇਜ਼ ਦਾ ਇਸਤੇਮਾਲ ਕਿਉਂ ਕੀਤਾ, ਇਹ ਤਾਂ ਸਭ ਸਮਝ ਹੀ ਗਏ ਹੋਣਗੇ। ਸੰਜੈ ਬਾਰੂ ਹਮੇਸ਼ਾ ਕਹਿੰਦੇ ਸੀ ਕਿ ਉਨ੍ਹਾਂ ਨੇ ਕਿਤਾਬ ਮਨਮੋਹਨ ਸਿੰਘ ਦੀ ਸਕਾਰਾਤਮਕ ਇਮੇਜ਼ ਪੇਸ਼ ਕਰਨ ਲਈ ਲਿਖੀ ਹੈ ਪਰ ਫ਼ਿਲਮ ਦੇਖਦੇ ਸਮੇਂ ਅਜਿਹਾ ਨਹੀਂ ਲੱਗਦਾ ਕਿਉਂਕਿ ਕਈ ਘਟਨਾਵਾਂ ਨੂੰ ਪੂਰਾ ਮਸਾਲਾ ਲਾ ਕੇ ਪੇਸ਼ ਕੀਤਾ ਗਿਆ ਹੈ।
ਇੱਕ ਥਾਂ ਡਾ. ਮਨਮੋਹਨ ਦੀ ਪਤਨੀ ਉਨ੍ਹਾਂ ਨੂੰ ਕਹਿੰਦੀ ਹੈ, “ਪਾਰਟੀ ਤੁਹਾਨੂੰ ਹੋਰ ਕਿੰਨਾ ਬਦਨਾਮ ਕਰੇਗੀ? ਤੁਸੀਂ ਕੁਝ ਬੋਲਦੇ ਕਿਉਂ ਨਹੀਂ?” ਜਦਕਿ ਕਿਤਾਬ ‘ਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ। ਫ਼ਿਲਮ ‘ਚ ਸੋਨੀਆ ਗਾਂਧੀ ਦੀ ਇਮੇਜ਼ ਨੂੰ ਵੀ ਕਾਫੀ ਨਕਾਰਾਤਮਕ ਦਿਖਾਇਆ ਗਿਆ ਹੈ।
‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਤਾਬ ਸੰਜੈ ਨੇ ਮਨਮੋਹਨ ਸਿੰਘ ਦੀ ਸਹਿਮਤੀ ਨਾਲ ਲਿਖੀ ਸੀ ਤੇ ਫ਼ਿਲਮ ਮੁਤਾਬਕ ਡਾ. ਮਨਮੋਹਨ ਨੇ ਕਿਤਾਬ ਪੜ੍ਹੀ ਵੀ ਸੀ। ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਦੇ ਇੱਕ ਸੀਨ ‘ਚ ਦਿਖਾਇਆ ਹੈ ਕਿ ਡਾ. ਮਨਮੋਹਨ ਦੀ ਪਤਨੀ ਬਾਰੂ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ, “ਡਾਕਟਰ ਸਹਿਬ ਕਿਤਾਬ ਦੀ ਇੱਕ-ਇੱਕ ਲਾਈਨ ਪੜ੍ਹ ਰਹੇ ਹਨ।” ਜਦਕਿ ਬਾਰੂ ਨੇ ਕਿਤਾਬ ਦੀ ਸ਼ੁਰੂਆਤ ‘ਚ ਹੀ ਲਿਖਿਆ ਹੈ ਕਿ ਉਨ੍ਹਾਂ ਦੇ ਇਸ ਆਈਡੀਆ ਨੂੰ ਡਾ. ਮਨਮੋਹਨ ਸਿੰਘ ਕਦੇ ਮਨਜ਼ੂਰੀ ਨਾ ਦਿੰਦੇ।