ਮੁੰਬਈ: ਮੁੰਬਈ 'ਚ ਬਾਰਸ਼ ਅਤੇ ਤੂਫਾਨ ਨੇ ਭਿਆਨਕ ਹਾਲਾਤ ਪੈਦਾ ਕਰ ਦਿੱਤੇ ਹਨ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਬਾਰਸ਼ ਨੇ ਪਿਛਲੇ 46 ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਸੜਕਾਂ ਨਹਿਰਾਂ ਦਾ ਰੂਪ ਵਟਾ ਗਈਆਂ ਹਨ। ਭਾਰੀ ਬਾਰਸ਼ ਨੇ ਟ੍ਰੈਫਿਕ ਦੀ ਰਫ਼ਤਾਰ ਵੀ ਘਟਾ ਦਿੱਤੀ ਹੈ। ਤੂਫਾਨ ਕਾਰਨ ਕਈ ਬਿਲਡਿੰਗਾਂ ਦੀਆਂ ਛੱਤਾਂ ਤਕ ਤਬਾਹ ਹੋ ਗਈਆਂ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁੰਬਈ ਤੇ ਆਸਪਾਸ ਦੇ ਇਲਾਕਿਆਂ ਦੀ ਸਥਿਤੀ ਬਾਰੇ ਗੱਲ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਤਾਇਆ।


ਤੇਜ਼ ਮੀਂਹ ਹਨ੍ਹੇਰੀ ਨਾਲ ਹਾਲਾਤ ਇਹ ਹਨ ਕਿ ਕਈ ਥਾਈਂ ਦਰੱਖਤ ਜੜ੍ਹੋਂ ਉੱਖੜ ਗਏ। ਜਿਸ ਕਾਰਨ ਕਈ ਦੋ ਪਹੀਆ ਵਾਹਨ ਵੀ ਇਨ੍ਹਾਂ ਦਰੱਖਤਾਂ ਹੇਠਾਂ ਦੱਬ ਗਏ। ਮੁੰਬਈ ਦੇ ਚੇਂਬੁਰ, ਪਰੇਲ, ਹਿੰਦਮਾਤਾ ਤੇ ਵਡਾਲਾ ਸਮੇਤ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਚੁੱਕਾ ਹੈ।


ਸੜਕਾਂ 'ਤੇ ਪਾਣੀ ਏਨਾ ਜ਼ਿਆਦਾ ਕਿ ਗੱਡੀਆਂ ਵੀ ਡੁੱਬ ਗਈਆਂ ਹਨ। ਇੱਥੋਂ ਤਕ ਕਿ ਜ਼ਿਆਦਾ ਪਾਣੀ ਭਰ ਜਾਣ ਕਾਰਨ ਲੋਕ ਆਪਣੀਆਂ ਗੱਡੀਆਂ ਰਾਹ 'ਚ ਹੀ ਛੱਡ ਕੇ ਘਰਾਂ ਨੂੰ ਚਲੇ ਗਏ। ਦਰਅਸਲ ਪਾਣੀ ਕਾਰਨ ਗੱਡੀਆਂ ਬੰਦ ਹੋ ਗਈਆਂ ਤੇ ਪਾਣੀ ਦੀ ਬਹੁਤਾਤ ਕਾਰਨ ਧੱਕ ਕੇ ਲਿਜਾਣਾ ਵੀ ਮੁਸ਼ਕਿਲ ਸੀ।


ਰੇਲਵੇ ਟ੍ਰੈਕ 'ਤੇ ਪਾਣੀ ਭਰ ਜਾਣ ਕਾਰਨ ਭਾਇਖਲਾ ਸਟੇਸ਼ਨ 'ਚ ਦੋ ਲੋਕਲ ਟਰੇਨਾਂ ਫਸ ਗਈਆਂ। ਇਸ ਦੌਰਾਨ ਕਰੀਬ 500 ਯਾਤਰੀਆਂ ਨੂੰ ਐਨਡੀਆਰਐਫ ਤੇ ਰੇਲਵੇ ਦੀਆਂ ਟੀਮਾਂ ਨੇ ਬਚਾਇਆ। ਲੋਕਾਂ ਨੂੰ ਕੱਢਣ ਲਈ ਰਾਤ ਭਰ ਰੈਸੀਕਿਊ ਆਪ੍ਰੇਸ਼ਨ ਚਲਾਇਆ ਗਿਆ।


ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਦਿੱਤਾ ਅਸਤੀਫ਼ਾ, ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ


ਮੁੱਖ ਮੰਤਰੀ ਊਧਵ ਠਾਕਰੇ ਨੇ ਭਾਰੀ ਬਾਰਸ਼ ਦੇ ਚੱਲਦਿਆਂ ਨਿਗਰਾਨੀ ਦੇ ਹੁਕਮ ਜਾਰੀ ਕੀਤੇ ਹਨ। ਲੋਕਾਂ ਨੂੰ ਘਰੋਂ ਨਾ ਨਿੱਕਲਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੋਈ ਹੈ। ਮੁੰਬਈ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਬਗੈਰ ਜ਼ਰੂਰੀ ਕੰਮ ਬਾਹਰ ਨਾ ਆਇਆ ਜਾਵੇ।





ਓਧਰ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਮੁੰਬਈ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ 'ਚ ਵੀਰਵਾਰ ਵੀ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ