ਨਵੀਂ ਦਿੱਲ਼ੀ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਧਰਤੀ ਦੇ ਤਾਪਮਾਨ 'ਚ ਵਾਧੇ ਕਾਰਨ ਭਾਰਤ ਵਿੱਚ ਹੋ ਰਹੀ ਤਬਾਹੀ ਬਾਰੇ ਖਦਸ਼ਾ ਪ੍ਰਗਟ ਕੀਤਾ ਹੈ। ਇਹ ਰਿਪੋਰਟ 80 ਸਾਲਾਂ ਬਾਅਦ ਮਤਲਬ 2100 ਤਕ ਦੀ ਤਸਵੀਰ ਦਿਖਾਉਂਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਸਮੁੰਦਰ 'ਚ ਪਾਣੀ ਦਾ ਪੱਧਰ ਵਧਣ ਕਾਰਨ ਭਾਰਤ ਦੇ 12 ਤੱਟਵਰਤੀ ਸ਼ਹਿਰ 3 ਫੁੱਟ ਤਕ ਪਾਣੀ 'ਚ ਡੁੱਬ ਜਾਣਗੇ। ਇਹ ਲਗਾਤਾਰ ਵਧਦੀ ਗਰਮੀ ਕਾਰਨ ਗਲੇਸ਼ੀਅਰਾਂ 'ਚ ਜੰਮੀ ਹੋਈ ਬਰਫ਼ ਦੇ ਪਿਘਲਣ ਕਾਰਨ ਹੋਵੇਗਾ।
ਇਹ ਭਾਰਤ ਦੇ ਓਖਾ, ਮੋਰਮੁਗਾਓ, ਕੰਡਲਾ, ਭਾਵਨਗਰ, ਮੁੰਬਈ, ਮੰਗਲੌਰ, ਚੇਨਈ, ਵਿਸ਼ਾਖਾਪਟਨਮ, ਤੂਤੀਕੋਰਨ, ਕੋਚੀ, ਪਰਾਦੀਪ ਤੇ ਪੱਛਮੀ ਬੰਗਾਲ ਦੇ ਕਿਦਰੋਪੁਰ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਤ ਕਰੇਗਾ। ਅਜਿਹੀ ਸਥਿਤੀ 'ਚ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਵਿੱਖ ਵਿੱਚ ਇਹ ਸਥਾਨ ਛੱਡਣਾ ਪੈ ਸਕਦਾ ਹੈ।
[blurb]
[/blurb]
ਨਾਸਾ ਨੇ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਬਣਾਇਆ
ਦਰਅਸਲ ਨਾਸਾ ਨੇ ਇੱਕ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਬਣਾਇਆ ਹੈ। ਇਹ ਲੋਕਾਂ ਨੂੰ ਸਮੇਂ ਸਿਰ ਚੌਕਸ ਕਰਨ ਤੇ ਸਮੁੰਦਰੀ ਤੱਟਾਂ 'ਤੇ ਆਫ਼ਤ ਤੋਂ ਲੋੜੀਂਦੇ ਪ੍ਰਬੰਧ ਕਰਨ 'ਚ ਸਹਾਇਤਾ ਕਰੇਗਾ। ਇਸ ਆਨਲਾਈਨ ਸਾਧਨ ਜ਼ਰੀਏ ਕੋਈ ਵੀ ਭਵਿੱਖ ਦੀ ਤਬਾਹੀ ਨੂੰ ਜਾਣ ਸਕਦਾ ਹੈ। ਮਤਲਬ ਸਮੁੰਦਰ ਦੇ ਵਧ ਰਹੇ ਪੱਧਰ ਦਾ ਪਤਾ ਕਰ ਸਕਦਾ ਹੈ।
ਨਾਸਾ ਨੇ ਜਲਵਾਯੂ ਪਰਿਵਰਤਨ ਤੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਈ ਸ਼ਹਿਰਾਂ ਦੇ ਡੁੱਬਣ ਦੀ ਚਿਤਾਵਨੀ ਦਿੱਤੀ ਹੈ। ਇਹ ਆਈਪੀਸੀਸੀ ਦੀ ਛੇਵੀਂ ਮੁਲਾਂਕਣ ਰਿਪੋਰਟ ਹੈ। ਇਹ 9 ਅਗਸਤ ਨੂੰ ਰਿਲੀਜ਼ ਹੋਈ ਸੀ। ਇਹ ਰਿਪੋਰਟ ਜਲਵਾਯੂ ਪ੍ਰਣਾਲੀ ਤੇ ਜਲਵਾਯੂ ਪਰਿਵਰਤਨ ਬਾਰੇ ਬਿਹਤਰ ਦ੍ਰਿਸ਼ਟੀਕੋਣ ਦਿੰਦੀ ਹੈ।
ਆਈਪੀਸੀਸੀ 1988 ਤੋਂ ਵਿਸ਼ਵ ਪੱਧਰ 'ਤੇ ਜਲਵਾਯੂ ਪਰਿਵਰਤਨ ਦਾ ਮੁਲਾਂਕਣ ਕਰ ਰਹੀ ਹੈ। ਇਹ ਪੈਨਲ ਹਰ 5 ਤੋਂ 7 ਸਾਲਾਂ ਬਾਅਦ ਵਿਸ਼ਵ ਭਰ ਦੇ ਵਾਤਾਵਰਣ ਦੀ ਸਥਿਤੀ ਦੀ ਰਿਪੋਰਟ ਕਰਦਾ ਹੈ। ਇਸ ਵਾਰ ਦੀ ਰਿਪੋਰਟ ਬਹੁਤ ਹੀ ਭਿਆਨਕ ਸਥਿਤੀ ਵੱਲ ਇਸ਼ਾਰਾ ਕਰ ਰਹੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2100 ਤਕ ਵਿਸ਼ਵ ਦਾ ਤਾਪਮਾਨ ਕਾਫੀ ਵੱਧ ਜਾਵੇਗਾ। ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਜੇ ਕਾਰਬਨ ਦੇ ਨਿਕਾਸ ਤੇ ਪ੍ਰਦੂਸ਼ਣ ਨੂੰ ਨਾ ਰੋਕਿਆ ਗਿਆ ਤਾਂ ਤਾਪਮਾਨ ਔਸਤਨ 4.4 ਡਿਗਰੀ ਸੈਲਸੀਅਸ ਵਧੇਗਾ। ਅਗਲੇ ਦੋ ਦਹਾਕਿਆਂ ਵਿੱਚ ਤਾਪਮਾਨ 'ਚ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਜੇ ਪਾਰਾ ਇਸ ਤੇਜ਼ੀ ਨਾਲ ਵੱਧਦਾ ਹੈ ਤਾਂ ਗਲੇਸ਼ੀਅਰ ਵੀ ਪਿਘਲ ਜਾਣਗੇ। ਉਨ੍ਹਾਂ ਦਾ ਪਾਣੀ ਮੈਦਾਨੀ ਤੇ ਸਮੁੰਦਰੀ ਖੇਤਰਾਂ ਵਿੱਚ ਤਬਾਹੀ ਲਿਆਏਗਾ।
ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ ਕਿ ਸਮੁੰਦਰੀ ਪੱਧਰ ਦਾ ਪ੍ਰੋਜੈਕਸ਼ਨ ਟੂਲ ਦੁਨੀਆ ਭਰ ਦੇ ਨੇਤਾਵਾਂ ਅਤੇ ਵਿਗਿਆਨੀਆਂ ਨੂੰ ਇਹ ਦੱਸਣ ਲਈ ਕਾਫੀ ਹੈ ਕਿ ਸਾਡੇ ਬਹੁਤ ਸਾਰੇ ਦੇਸ਼ ਅਗਲੀ ਸਦੀ ਤੱਕ ਜ਼ਮੀਨ ਗੁਆਦੇਣਗੇ। ਸਮੁੰਦਰ ਦਾ ਪੱਧਰ ਇੰਨੀ ਤੇਜ਼ੀ ਨਾਲ ਵਧੇਗਾ ਕਿ ਇਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਇਸ ਦੀਆਂ ਉਦਾਹਰਣਾਂ ਸਭ ਦੇ ਸਾਹਮਣੇ ਹਨ। ਬਹੁਤ ਸਾਰੇ ਟਾਪੂ ਡੁੱਬ ਗਏ ਹਨ। ਕਈ ਹੋਰ ਟਾਪੂ ਸਮੁੰਦਰ ਦੁਆਰਾ ਨਿਗਲ ਜਾਣਗੇ।