ਇੰਦੌਰ: ਕਸਟਮ ਵਿਭਾਗ ਨਾਲ ਮਿਲ ਕੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਇੰਦੌਰ ਨੇ ਏਅਰਪੋਰਟ 'ਤੇ ਸਾਢੇ ਪੰਜ ਕਿੱਲੋ ਸੋਨੇ ਦੀ ਵੱਡੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਇਕ ਮਹਿਲਾ ਸਣੇ ਸੱਤ ਲੋਕ ਦੁਬਈ ਦੀ ਉਡਾਣ ਵਿੱਚ ਸਾਢੇ ਪੰਜ ਕਿੱਲੋ ਸੋਨਾ ਲੈ ਕੇ ਆਏ ਸੀ। ਡੀਆਰਆਈ ਨੇ ਸੋਨਾ ਜ਼ਬਤ ਕਰ ਲਿਆ ਹੈ।
ਇਸ ਸੋਨੇ ਦੀ ਕੀਮਤ 2.1 ਕਰੋੜ ਦੱਸੀ ਜਾ ਰਹੀ ਹੈ। ਅਕਤੂਬਰ, 2018 ਵਿੱਚ ਡੀਆਰਆਈ ਵੱਲੋਂ ਛੇ ਕਿਲੋ ਸੋਨਾ ਫੜਨ ਤੋਂ ਬਾਅਦ ਸੋਨੇ ਦੀ ਤਸਕਰੀ ਦੀ ਇਹ ਦੂਜੀ ਵੱਡੀ ਘਟਨਾ ਹੈ। ਸੋਨੇ ਦੀ ਤਸਕਰੀ ਵਿਚ ਫੜੇ ਗਏ ਸਾਰੇ ਲੋਕ ਮਹਾਰਾਸ਼ਟਰ ਦੇ ਉਲਹਾਸਪੁਰ ਦੇ ਰਹਿਣ ਵਾਲੇ ਹਨ। ਸਾਰੇ ਯਾਤਰੀਆਂ ਨੇ ਆਪਣੇ ਪੇਟ ਦੇ ਅੰਦਰ ਕੈਪਸੂਲ ਦੇ ਰੂਪ ਵਿੱਚ ਕੁੱਲ ਸਾਢੇ ਪੰਜ ਕਿੱਲੋ ਸੋਨਾ ਛੁਪਾਇਆ ਸੀ, ਜੋ ਇਹ ਭਾਰਤ ਲੈ ਕੇ ਆ ਰਹੇ ਸੀ।
ਦੱਸ ਦੇਈਏ ਕੈਮੀਕਲੀ ਟ੍ਰੀਟਮੈਂਟ ਜ਼ਰੀਏ ਸੋਨੇ ਨੂੰ ਇੱਕ ਪੇਸਟ ਵਿੱਚ ਬਦਲਿਆ ਗਿਆ ਤੇ ਕੈਪਸੂਲ ਵਿੱਚ ਭਰ ਕੇ ਸਰੀਰਕ ਅੰਗਾਂ ਵਿੱਚ ਛੁਪਾਇਆ ਗਿਆ। ਇਹ ਕੈਪਸੂਲ ਸਰੀਰ ਦੇ ਗੁਦਾ ਵਰਗੇ ਅੰਗਾਂ ਵਿੱਚ ਛੁਪਾਏ ਹੋਏ ਸੀ। ਕੈਪਸੂਲ ਦੇ ਅੰਦਰ ਸੋਨੇ ਨੂੰ ਪੇਸਟ (ਬੂਰਾ) ਦੀ ਤਰ੍ਹਾਂ ਭਰਿਆ ਹੋਇਆ ਸੀ। ਇੰਨਾ ਹੀ ਨਹੀਂ, ਇਨ੍ਹਾਂ ਯਾਤਰੀਆਂ ਨੇ ਅੰਡਰਗਾਰਮੈਂਟ 'ਚ ਵੀ ਸੋਨੇ ਦੇ ਪੇਸਟ ਦੇ ਰੂਪ 'ਚ ਕੁਝ ਸੋਨਾ ਲੁਕਾਇਆ ਹੋਇਆ ਸੀ।