NIA Arrested Khalistani Terrorist : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੂੰ ਵੱਡੀ ਕਾਮਯਾਬੀ ਮਿਲੀ ਹੈ। NIA ਨੇ ਦਿੱਲੀ ਏਅਰਪੋਰਟ ਤੋਂ ਪੰਜ ਲੱਖ ਰੁਪਏ ਦੇ ਇਨਾਮੀ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। NIA ਦੇ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਫੜੇ ਗਏ ਅੱਤਵਾਦੀ ਦਾ ਨਾਂ ਕੁਲਵਿੰਦਰਜੀਤ ਸਿੰਘ ਉਰਫ ''ਖਾਨਪੁਰੀਆ'' ਹੈ।



ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਕੁਲਵਿੰਦਰਜੀਤ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਵਰਗੀਆਂ ਅੱਤਵਾਦੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ। ਉਸ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਕਈ ਅੱਤਵਾਦੀ ਹਮਲਿਆਂ 'ਚ ਸੀ ਲੋੜੀਂਦਾ 

NIA ਦੇ ਅਨੁਸਾਰ ਖਾਨਪੁਰੀਆ ਪੰਜਾਬ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਸਮੇਤ ਕਈ ਅੱਤਵਾਦੀ ਮਾਮਲਿਆਂ ਵਿੱਚ ਸ਼ਾਮਲ ਅਤੇ ਲੋੜੀਂਦਾ ਸੀ। ਉਹ 2019 ਤੋਂ ਫਰਾਰ ਸੀ। ਐਨਆਈਏ ਨੇ ਉਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਹ ਸ਼ੁੱਕਰਵਾਰ ਨੂੰ ਬੈਂਕਾਕ ਤੋਂ ਭਾਰਤ ਆਇਆ ਸੀ। ਜਿਵੇਂ ਹੀ NIA ਨੂੰ ਇਸਦੀ ਸੂਚਨਾ ਮਿਲੀ ਤਾਂ ਟੀਮ ਨੇ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ।

ਦਿੱਲੀ ਦੇ ਸੀਪੀ ਵਿੱਚ ਵੀ ਕੀਤਾ ਸੀ ਬੰਬ ਧਮਾਕਾ 

ਦੱਸ ਦਈਏ ਕਿ ਕੁਲਵਿੰਦਰਜੀਤ ਸਿੰਘ ਨੱਬੇ ਦੇ ਦਹਾਕੇ 'ਚ ਨਵੀਂ ਦਿੱਲੀ ਦੇ ਕਨਾਟ ਪਲੇਸ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਤੋਂ ਇਲਾਵਾ ਹੋਰ ਸੂਬਿਆਂ 'ਚ ਗ੍ਰੇਨੇਡ ਹਮਲਿਆਂ 'ਚ ਵੀ ਸ਼ਾਮਲ ਸੀ। ਰਿਪੋਰਟ ਅਨੁਸਾਰ ਕੁਲਵਿੰਦਰਜੀਤ ਖਾਨਪੁਰੀਆ ਪੰਜਾਬ ਵਿੱਚ ਡੇਰਾ ਸੱਚਾ ਸੌਦਾ ਨਾਲ ਸਬੰਧਤ ਅਦਾਰਿਆਂ ਦੇ ਨਾਲ-ਨਾਲ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਭਾਰਤ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦਾ ਮਾਸਟਰਮਾਈਂਡ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਵੱਖ-ਵੱਖ ਰਾਜਾਂ ਦੀ ਪੁਲਿਸ ਵੀ ਭਾਲ ਕਰ ਰਹੀ ਸੀ।

 ਦੇਸ਼ ਵਿੱਚ ਦਹਿਸ਼ਤ ਪੈਦਾ ਕਰਨ ਲਈ ਬਣਾਈ ਸੀ ਇਹ ਯੋਜਨਾ

ਕੁਲਵਿੰਦਰਜੀਤ ਸਿੰਘ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਪੰਜਾਬ ਅਤੇ ਪੂਰੇ ਦੇਸ਼ ਵਿੱਚ ਦਹਿਸ਼ਤ ਪੈਦਾ ਕਰਨ ਲਈ ਨਿਸ਼ਾਨਾ ਬਣਾਇਆ ਸੀ। ਉਸ ਨੇ ਕੁਝ ਟਾਰਗੇਟਸ  ਦੀ ਰੇਕੀ ਵੀ ਕਰ ਲਈ ਸੀ। ਇਸ ਵਿਰੁੱਧ 30 ਮਈ 2019 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ ਅਤੇ ਫਿਰ NIA ਦੁਆਰਾ 27 ਜੂਨ 2019 ਨੂੰ ਕੇਸ ਦਰਜ ਕੀਤਾ ਗਿਆ ਸੀ।