ਨਵੀਂ ਦਿੱਲੀ: ਕੇਰਲ ਦੇ ਕੋਝੀਕੋਡ 'ਚ ਐਤਵਾਰ ਇਕ 12 ਸਾਲ ਦੇ ਲੜਕੇ ਦੀ ਨਿਪਾਹ ਵਾਇਰਲ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਹਾਈ ਅਲਰਟ 'ਤੇ ਹੈ। ਲੋਕਾਂ ਨੂੰ ਸਾਵਧਾਨ ਵਰਤਣ ਲਈ ਕਿਹਾ ਜਾ ਰਿਹਾ ਹੈ। ਇਸ ਦਰਮਿਆਨ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਸ ਦੇ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਧੋਤੇ ਡਿੱਗੇ ਹੋਏ ਫ਼ਲ ਨਾ ਖਾਣ ਇਹ ਖਤਰਨਾਕ ਹੋ ਸਕਦਾ ਹੈ।
ਫ੍ਰੂਟ ਬੈਟ ਆਪਣੀ ਲਾਰ ਫਲ 'ਤੇ ਹੀ ਛੱਡ ਦਿੰਦੇ ਹਨ- AIIMS ਦੇ ਮਾਹਿਰ
ਏਮਜ 'ਚ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਆਸ਼ੂਤੋਸ਼ ਬਿਸਵਾਸ ਨੇ ਕਿਹਾ ਕਿ ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਆਉਣ ਤੋਂ ਬਾਅਦ ਹੋਰ ਇਨਫੈਕਸ਼ਨ ਦਾ ਕਾਰਨ ਹੋ ਜਾਂਦਾ ਹੈ। ਨਿਪਾਹ ਵਾਇਰਸ ਸਭ ਤੋਂ ਜ਼ਿਆਦਾ ਫ੍ਰੂਟ ਬੈਟ ਤੋਂ ਫੈਲਦਾ ਹੈ। ਫ੍ਰੂਟ ਬੈਟ ਆਪਣੀ ਲਾਰ ਫਲ 'ਤੇ ਹੀ ਛੱਡ ਦਿੰਦੇ ਹਨ। ਫਿਰ ਇਹ ਫਲ ਖਾਣ ਵਾਲੇ ਜਾਨਵਰ ਜਾਂ ਇਨਸਾਹ ਨਿਪਾਹ ਵਾਇਰਸ ਤੋਂ ਇਨਫੈਕਟਡ ਹੋ ਜਾਂਦੇ ਹਨ। ਸਾਡੇ ਕੋਲ ਇਸ ਬਿਮਾਰੀ ਦਾ ਵਿਸ਼ੇਸ਼ ਇਲਾਜ ਨਹੀਂ ਹੈ। ਇਸ ਲਈ ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਇਕ ਬਹੁਤ ਹੀ ਗੰਭੀਰ ਬਿਮਾਰੀ ਹੈ।
ਡਾ.ਆਸ਼ੂਤੋਸ਼ ਬਿਸਵਾਸ ਨੇ ਕਿਹਾ, 'ਅਤੀਤ 'ਚ ਅਸੀਂ ਭਾਰਤ 'ਚ ਦੇਖਿਆ ਹੈ ਕਿ ਫ੍ਰੂਟ ਬੈਟ ਨਿਪਾਹ ਨੂੰ ਸਾਡੇ ਘਰੇਲੂ ਜਾਨਵਰਾਂ ਜਿਵੇਂ ਸੂਅਰ, ਬੱਕਰੀ, ਬਿੱਲੀ, ਘੋੜੇ ਤੇ ਹੋਰਾਂ 'ਚ ਵੀ ਪ੍ਰਸਾਰਿਤ ਕਰ ਸਕਦੇ ਹਨ। ਇਸ ਲਈ ਇਸ ਵਾਇਰਸ ਦਾ ਜਾਨਵਰਾਂ ਤੋਂ ਮਨੁੱਖਾਂ 'ਚ ਜਾਣਾ ਬਹੁਤ ਖਤਰਨਾਕ ਹੈ। ਅਸੀਂ ਇਸ ਨੂੰ ਸਪਿਲਓਵਰ ਕਹਿੰਦੇ ਹਾਂ।
ਡਿੱਗੇ ਹੋਏ ਫਲਾਂ ਨੂੰ ਧੋਤੇ ਬਿਨਾਂ ਖਾਣਾ ਬਹੁਤ ਖਤਰਨਾਕ
ਡਾ.ਆਸ਼ੂਤੋਸ਼ ਬਿਸਵਾਸ ਨੇ ਕਿਹਾ, 'ਇਕ ਵਾਰ ਜਦੋਂ ਇਹ ਵਾਇਰਸ ਮਨੁੱਖ 'ਚ ਆ ਜਾਂਦਾ ਹੈ ਤਾਂ ਇਹ ਮਨੁੱਖ ਤੋਂ ਮਨੁੱਖ 'ਚ ਸੰਚਾਰਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਸੰਚਾਰ ਏਨਾ ਤੇਜ਼ ਹੁੰਦਾ ਹੈ ਕਿ ਇਹ ਤੇਜ਼ੀ ਨਾਲ ਫੈਲ ਜਾਂਦਾ ਹੈ। ਇਸ ਲਈ ਇਸ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ।' ਉਨ੍ਹਾਂ ਕਿਹਾ, 'ਡਿੱਗੇ ਹੋਏ ਫਲਾਂ ਨੂੰ ਧੋਤੇ ਬਿਨਾਂ ਖਾਣਾ ਬਹੁਤ ਖਤਰਨਾਕ ਹੈ। ਜੇਕਰ ਅਸੀਂ ਫਲ ਧੋਕੇ ਨਹੀਂ ਖਾਂਦੇ ਤਾਂ ਇਸ ਨਾਲ ਵਾਇਰਸ ਜਾਨਵਰਾਂ ਤੋਂ ਇਨਸਾਨਾਂ 'ਚ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।
ਕੇਰਲ 'ਚ ਕੀ ਹੋਇਆ
ਸੂਬੇ ਦੇ ਕੋਝੀਕਡ 'ਚ 12 ਸਾਲ ਦੇ ਬੱਚੇ ਦੀ ਨਿਪਾਹ ਵਾਇਰਸ ਨਾਲ ਮੌਤ ਹੋ ਗਈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਦੇ ਸਿਹਤ ਵਿਭਾਗ ਵੱਲੋਂ ਬੱਚੇ ਦੇ ਘਰ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਇਸ ਦੇ ਨਾਲ ਲੱਗਦੇ ਇਲਾਕੇ ਵੀ ਸਖ਼ਤ ਨਿਗਰਾਨੀ ਹੇਠ ਹਨ। ਚਾਰ ਜ਼ਿਲ੍ਹਿਆਂ ਕੋਝੀਕੋਡ, ਗਵਾਂਢ ਦੇ ਕਨੂਰ, ਮਲਪਪੁਰਮ ਤੇ ਵਾਇਨਾਡ ਜ਼ਿਲ੍ਹਿਆਂ ਨੂੰ ਸਿਹਤ ਵਿਭਾਗ ਨੇ ਹਾਈ ਅਲਰਟ 'ਤੇ ਰੱਖਿਆ ਹੋਇਆ ਹੈ।