ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਰੋਧੀ ਆਗੂਆਂ ’ਤੇ ਆਪਣੇ ਰਾਜਕਾਲ ਦੌਰਾਨ ਗੈਂਗਸਟਰਾਂ ਪੈਦਾ ਕਰਨ ਅਤੇ ਸਰਪ੍ਰਸਤੀ ਦੇਣ ਦਾ ਦੋਸ਼ ਲਾਇਆ ਹੈ।


ਬੁੱਧਵਾਰ ਨੂੰ ਜਲੰਧਰ ਵਿਖੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨਵੀਂ ਦਿੱਲੀ ਲਈ ਪੰਜਾਬ ਤੋਂ ਸਰਕਾਰੀ ਬੱਸ ਸੇਵਾ ਨੂੰ ਹਰੀ ਝੰਡੀ ਦੇਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਗੈਂਗਸਟਰ ਮੁੱਕਤ ਭੂਮੀ ਬਣਾਉਣ ਦੀ ਕਸਮ ਖਾਧੀ ਹੈ ਅਤੇ ਖ਼ਤਰਨਾਕ ਅਪਰਾਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।


ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਗੈਂਗਸਟਰ ਪੈਦਾ ਕੀਤੇ ਗਏ ਹਨ ਕਿਉਂਕਿ ਇਨਾਂ ਸਰਕਾਰਾਂ ਦੇ ਮਾੜੇ ਆਗੂਆਂ ਨੇ ਆਪਣੇ ਗਲਤ ਇਰਾਦਿਆਂ ਦੀ ਪੂਰਤੀ ਲਈ ਗੈਂਗਸਟਰਾਂ ਨੂੰ ਸੁਰੱਖਿਆ ਦਿੱਤੀ ਸੀ। ਪਰ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਹੁਣ ਸਾਰੇ ਅਪਰਾਧੀ ਜੇਲ੍ਹਾਂ ’ਚ ਸੁੱਟੇ ਜਾਣਗੇ ਅਤੇ ਗੈਂਗਸਟਰ ਪੂਰੀ ਤਰ੍ਹਾਂ ਖ਼ਤਮ ਕੀਤੇ ਜਾਣਗੇ।


ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਕਥਿਤ ਵਿਗੜਦੀ ਸਥਿਤੀ ਬਾਰੇ ਹੰਗਾਮਾ ਕਰਨ ਵਾਲੇ ਵਿਰੋਧੀ ਧਿਰਾਂ ਦੇ ਆਗੂਆਂ ਦੀ ਅਲੋਚਨਾ ਕਰਦਿਆਂ ਕਿਹਾ, ‘‘ਮੈਂ ਵਿਰੋਧੀਆਂ ਨੂੰ ਜਵਾਬ ਦੇਣ ਦੀ ਹਿੰਮਤ ਰੱਖਦਾ ਹਾਂ। ਕੀ ਮਾਨ ਸਾਬ (ਮੁੱਖ ਮੰਤਰੀ ਪੰਜਾਬ) ਇਨਾਂ ਗੈਂਗਸਟਰਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ? ਇਨਾਂ ਗੈਂਗਸਟਰਾਂ ਨੂੰ ਪਿਛਲੀਆਂ ਸਰਕਾਰਾਂ ਨੇ ਪਾਲਿਆ ਹੈ।’’


ਦਿੱਲੀ ਦੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚੋਂ ਗੈਂਗਸਟਰਾਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਦੀ ਸੁਰੱਖਿਆ ਕੋਈ ਨਹੀਂ ਕਰ ਸਕਦਾ, ਕਿਉਂਕਿ ਇੱਥੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਪਰਾਧੀਆਂ ਨੂੰ ਢੁੱਕਵੀਂ ਸਜ਼ਾ ਦੇਵੇਗੀ। ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ। ਪਹਿਲਾਂ ਆਗੂ ਕਾਇਰਤਾ ਪੂਰਨ ਅਪਰਾਧੀਆਂ ਨੂੰ ਸੁਰੱਖਿਆ ਦਿੰਦੇ ਸਨ ਅਤੇ ਕਿਸੇ ਵੀ ਅਪਰਾਧੀ ਨੂੰ ਗ੍ਰਿਫ਼ਤਾਰ ਨਹੀਂ ਕਰਦੇ ਸਨ। ਪਰ ‘ਆਪ’ ਸਰਕਾਰ ਨੇ 24 ਘੰਟਿਆਂ ਦੇ ਅੰਦਰ ਪਟਿਆਲਾ ਸੰਪਰਾਦਾਇਕ ਦੰਗਿਆਂ ਦੇ ਦੋਸ਼ੀਆਂ ਨੂੰ ਫੜ੍ਹ ਲਿਆ ਅਤੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਪੁੱਛ ਪੜਤਾਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲੀਸ ਹਵਾਲੇ ਕੀਤਾ ਗਿਆ ਹੈ।