ਨਵੀਂ ਦਿੱਲੀ: ਭਾਰਤੀ ਡ੍ਰੱਗ ਕੰਟਰੋਲਰ ਜਨਰਲ ਨੇ ਹੁਣ ‘ਪੈਨੇਸੀਆ ਬਾਇਓਟੈੱਕ’ਨੂੰ ਰੂਸ ਦੀ ਕੋਵਿਡ ਵੈਕਸੀਨ ‘ਸਪੂਤਨਿਕ V’ ਨੂੰ ਭਾਰਤ ’ਚ ਤਿਆਰ ਕਰਨ ਦਾ ਲਾਇਸੈਂਸ ਮਨਜ਼ੂਰ ਕਰ ਦਿੱਤਾ ਹੈ। ਇੰਝ ‘ਪੈਨੇਸੀਆ ਬਾਇਓਟੈੱਕ’ ਰੂਸੀ ਵੈਕਸੀਨ ਤਿਆਰ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਰੂਸ ਦੀ ਸਰਕਾਰ ਆਪਣੇ ‘ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫ਼ੰਡ’ (RDIF) ਰਾਹੀਂ ਇਸ ਵੈਕਸੀਨ ਦੀ ਪੂਰੀ ਦੁਨੀਆ ਵਿੱਚ ਮਾਰਕਿਟਿੰਗ ਕਰ ਰਹੀ ਹੈ।

 

ਇਸ ਵੈਕਸੀਨ ਦੀਆਂ ਵੀ ਡੋਜ਼ ਲੱਗਦੀਆਂ ਹਨ ਅਤੇ ਇਹ ਕੋਵਿਡ-19 ਦੀਆਂ ਗੰਭੀਰ ਸਥਿਤੀਆਂ ਤੋਂ ਮਰੀਜ਼ਾਂ ਨੂੰ ਬਚਾਉਣ ਲਈ 91.6% ਪ੍ਰਭਾਵੀ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬੱਦੀ ਸਥਿਤ ਪੈਨੇਸੀਆ ਬਾਇਓਟੈੱਕ ਦੀਆਂ ਲੈਬਸ. ਵਿੱਚ ਰੂਸੀ ਫ਼ਾਰਮੂਲੇ ਨਾਲ ‘ਸਪੂਤਨਿਕ V’ ਤਿਆਰ ਕੀਤੀ ਗਈ ਤੇ ਫਿਰ ਉਸ ਨੂੰ ਰੂਸ ਦੇ ਗਾਮਾਲਿਆ ਸੈਂਟਰ ਵਿੱਚ ਪਰਖ ਲਈ ਭੇਜਿਆ ਗਿਆ।

 

ਪੈਨੇਸੀਆ ਬਾਇਓਟੈੱਕ ਨੇ ਹਾਲੇ ਅਧਿਕਾਰਤ ਤੌਰ ਉੱਤੇ ਇਹ ਸਪੱਸ਼ਟ ਨਹੀਂ ਕੀਤਾ ਕਿ ਭਾਰਤ ’ਚ ਇਹ ਨਵੀਂ ਰੂਸੀ ਵੈਕਸੀਨ – ਸਪੂਤਨਿਕ V ਕਦੋਂ ਉਪਲਬਧ ਹੋਵੇਗੀ ਪਰ ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਪੈਨੇਸੀਆ ਵੱਲੋਂ ਹਰ ਸਾਲ ਸਪੂਤਨਿਕ V ਦੀਆਂ 10 ਕਰੋੜ ਡੋਜ਼ ਤਿਆਰ ਕੀਤੀਆਂ ਜਾਣਗੀਆਂ।

 

ਭਾਰਤ ’ਚ ਸਪੂਤਨਿਕ V ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਡਾ. ਰੈੱਡੀ’ਜ਼ ਲੈਬੋਰੇਟਰੀਜ਼ ਨੇ RDIF ਨਾਲ ਰੂਸੀ ਵੈਕਸੀਨ ਦੀਆਂ ਪਹਿਲੀਆਂ 25 ਕਰੋੜ ਡੋਜ਼ ਦੀ ਮਾਰਕਿਟਿੰਗ ਕਰਨ ਦਾ ਇਕਰਾਰ (ਕੌਂਟ੍ਰੈਕਟ) ਕੀਤਾ ਹੈ।

 

ਉਂਝ ਪਰਖ ਲਈ ਸਪੂਤਨਿਕ V ਦੀਆਂ ਕਈ ਡੋਜ਼ ਭਾਰਤ ਦੇ ਵਿਸ਼ਾਖਾਪਟਨ, ਬੈਂਗਲੁਰੂ, ਮੁੰਬਈ, ਕੋਲਕਾਤਾ, ਦਿੱਲੀ, ਬੱਦੀ (ਹਿਮਾਚਲ ਪ੍ਰਦੇਸ਼), ਚੇਨਈ, ਮਿਰਯਾਲਾਗੁੜਾ ਤੇ ਕੋਹਲਾਪੁਰ ਜਿਹੇ ਸ਼ਹਿਰਾਂ ਵਿੱਚ ਸੌਫ਼ਟ ਲਾਂਚਿੰਗ ਵਜੋਂ ਦਿੱਤੀਆਂ ਜਾ ਚੁੱਕੀਆਂ ਹਨ। ਇੰਝ ਹੁਣ ਭਾਰਤੀਆਂ ਨੂੰ ਆਪਣੀ ਪਸੰਦ ਦੀ ਵੈਕਸੀਨ ਲਗਵਾਉਣ ਦੇ ਕਈ ਵਿਕਲਪ ਉਪਲਬਧ ਹੋ ਗਏ ਹਨ। ਸਪੂਤਨਿਕ V ਨੂੰ ਹੁਣ ਤੱਕ 67 ਦੇਸ਼ਾਂ ਵਿੱਚ ਪ੍ਰਵਾਨਗੀ ਮਿਲ ਚੁੱਕੀ ਹੈ; ਜਿੱਥੇ ਦੁਨੀਆ ਦੀ 3.5 ਅਰਬ ਆਬਾਦੀ ਰਹਿ ਰਹੀ ਹੈ।