ਨਵੀਂ ਦਿੱਲੀ: ਕੋਰੋਨਾ ਨੇ ਦੇਸ਼ ਦੇ ਅਰਥਚਾਰੇ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਕੋਰੋਨਾ ਦੌਰ 'ਚ ਕਾਰੋਬਾਰ 'ਤੇ ਮਾਰ ਦਾ ਅਸਰ ਸਾਹਮਣੇ ਆ ਰਿਹਾ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੰਸਦ 'ਚ ਦੱਸਿਆ ਕਿ 2020 'ਚ 11716 ਵਪਾਰੀਆਂ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਹੁਣ ਤੱਕ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਰੋਬਾਰ ਬਹੁਤੇ ਪ੍ਰਭਾਵਿਤ ਨਹੀਂ ਹੋਏ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ 2019 ਦੇ ਮੁਕਾਬਲੇ 29% ਵੱਧ ਹੈ। ਇਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਕਾਲ ਨੇ ਵਪਾਰੀਆਂ ਨੂੰ ਆਰਥਿਕ ਤੰਗੀ 'ਚ ਪਾ ਦਿੱਤਾ ਹੈ, ਜਿਸ ਕਾਰਨ ਉਹ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹਨ। ਰਿਪੋਰਟ ਇਹ ਵੀ ਦੱਸਦੀ ਹੈ ਕਿ ਇਨ੍ਹਾਂ ਲੋਕਾਂ ਨੇ ਸਭ ਤੋਂ ਜ਼ਿਆਦਾ ਤਣਾਅ ਝੱਲਿਆ ਹੈ। ਕੋਰੋਨਾ ਕਾਰਨ ਲਗਾਏ ਗਏ ਲੌਕਡਾਊਨ ਨੇ ਕਈ ਲੋਕਾਂ ਦੇ ਕਾਰੋਬਾਰ ਬੰਦ ਕਰ ਦਿੱਤੇ ਹਨ।
ਮੰਗਲਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਗ੍ਰਹਿ ਮੰਤਰਾਲੇ ਨੇ NCRB ਦੀ ਰਿਪੋਰਟ ਐਕਸੀਡੈਂਟਸ ਐਂਡ ਸੁਸਾਈਡਜ਼ ਇਨ ਇੰਡੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2019 'ਚ ਕਾਰੋਬਾਰ ਨਾਲ ਜੁੜੇ 9052 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਦੇ ਨਾਲ ਹੀ 2020 'ਚ 11,716 ਲੋਕਾਂ ਨੇ ਆਪਣੀ ਜਾਨ ਦਿੱਤੀ। ਹਾਲਾਂਕਿ ਇਸ ਰਿਪੋਰਟ 'ਚ ਇਹ ਸਪੱਸ਼ਟ ਨਹੀਂ ਹੈ ਕਿ ਇਹ ਵਪਾਰੀ ਕਿਸ ਸੈਕਟਰ ਨਾਲ ਜੁੜੇ ਹੋਏ ਸਨ। ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ MSME ਸੈਕਟਰ 'ਤੇ ਪਿਆ ਹੈ।
ਅੰਕੜੇ ਕੀ ਕਹਿੰਦੇ ਹਨ?
NCRB ਦੇ ਅੰਕੜਿਆਂ ਅਨੁਸਾਰ 2020 'ਚ 10,677 ਕਿਸਾਨਾਂ ਨੇ ਵੀ ਖੁਦਕੁਸ਼ੀ ਕੀਤੀ ਹੈ। ਇਹ 2015 ਦੇ ਮੁਕਾਬਲੇ ਪ੍ਰਤੀ 1 ਵਪਾਰੀ 1.44 ਕਿਸਾਨ ਖੁਦਕੁਸ਼ੀਆਂ ਸਨ ਪਰ 2020 'ਚ ਹਰ ਕਿਸਾਨ 'ਤੇ 1.1 ਵਪਾਰੀਆਂ ਨੇ ਖੁਦਕੁਸ਼ੀ ਕੀਤੀ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ 2020 'ਚ ਵਪਾਰਕ ਖੁਦਕੁਸ਼ੀਆਂ 'ਚੋਂ 4,226 ਰੇਹੜੀ-ਫੜੀ, 4,356 ਵਪਾਰੀ, 3,134 ਹੋਰ ਕਾਰੋਬਾਰੀ ਗਤੀਵਿਧੀਆਂ 'ਚ ਲੱਗੇ ਲੋਕਾਂ ਨੇ ਖੁਦਕੁਸ਼ੀ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ