ਭੁਵਨੇਸ਼ਵਰ: ਉੜੀਸਾ ਵਿੱਚ ਪਿਛਲੇ ਮਹੀਨੇ ਆਏ 20 ਸਾਲ ਦੇ ਸਭ ਤੋਂ ਤਾਕਤਵਰ ਤੂਫ਼ਾਨ ਫਾਨੀ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਉੜੀਸਾ ਸਰਕਾਰ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਮੁਤਾਬਕ ਤੂਫਾਨ ਨਾਲ 1.6 ਕਰੋੜ ਲੋਕ ਪ੍ਰਭਾਵਿਤ ਹੋਏ ਤੇ ਕਰੀਬ 5.5 ਲੱਖ ਘਰ ਪੂਰੇ ਜਾਂ ਅੱਧੇ ਤੌਰ 'ਤੇ ਤਬਾਹ ਹੋਏ। ਵੱਖ-ਵੱਖ ਵਿਭਾਗਾਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੂਬੇ ਨੂੰ ਇਸ ਤੂਫਾਨ ਨਾਲ 9336 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਿਲਸਿਲੇ ਵਿੱਚ ਉੜੀਸਾ ਸਰਕਾਰ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ ਤੋਂ 5227 ਕਰੋੜ ਰੁਪਏ ਦੀ ਮਦਦ ਮੰਗੀ ਹੈ।


ਦੱਸਿਆ ਜਾ ਰਿਹਾ ਹੈ ਕਿ ਤੂਫਾਨ ਨਾਲ ਕਰੀਬ 6643 ਕਰੋੜ ਰੁਪਏ ਦੀ ਜਨਤਕ ਜਾਇਦਾਦ ਤਬਾਹ ਹੋਈ ਹੈ। ਇਸ ਦੇ ਇਲਾਵਾ ਪ੍ਰਭਾਵਿਤ ਲੋਕਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ 2692 ਕਰੋੜ ਰੁਪਏ ਦੀ ਲਾਗਤ ਆਈ। ਸੂਬਾ ਸਰਕਾਰ ਹੁਣ ਤਕ ਆਫਤ ਪ੍ਰਬੰਧਣ ਲਈ ਜ਼ਿਲ੍ਹਿਆਂ ਤੇ ਵਿਭਾਗਾਂ ਨੂੰ 1357 ਕਰੋੜ ਰੁਪਏ ਦੇ ਚੁੱਕੀ ਹੈ।

ਉੜੀਸਾ ਦੇ 20,367 ਪਿੰਡਾਂ ਵਿੱਚ ਹੋਏ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਤੂਫਾਨ ਦੀ ਚਪੇਟ ਵਿੱਚ ਆ ਕੇ 64 ਲੋਕਾਂ ਦੀ ਮੌਤ ਹੋਈ। 12 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਇਸ ਦੇ ਇਲਾਵਾ ਕਰੀਬ 1.88 ਲੱਖ ਹੈਕਟੇਅਰ ਦਾ ਖੇਤੀ ਦਾ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। 2650 ਵੱਡੇ ਜਾਨਵਰ, 3632 ਛੋਟੇ ਜਾਨਵਰ ਤੇ 53 ਲੱਖ ਤੋਂ ਵੱਧ ਪੰਛੀ ਵੀ ਤੂਫਾਨ ਦੇ ਬਾਅਦ ਲਾਪਤਾ ਹੋ ਗਏ ਹਨ।