ਉੜੀਸਾ ਪੁਲਿਸ ਨੇ ਭੁਵਨੇਸ਼ਵਰ ਤੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੀ ਪਛਾਣ ਛੁਪਾ ਕੇ 18 ਔਰਤਾਂ ਨਾਲ ਵਿਆਹ ਕੀਤਾ ਹੈ। ਫੜੇ ਗਏ ਵਿਅਕਤੀ ਦਾ ਨਾਂ ਬੀਭੂ ਪ੍ਰਕਾਸ਼ ਸਵੈਨ ਹੈ। ਦੋਸ਼ ਹੈ ਕਿ ਉਸ ਨੇ ਕਈ ਰਾਜਾਂ ਦੀਆਂ 18 ਦੇ ਕਰੀਬ ਔਰਤਾਂ ਨਾਲ ਕਥਿਤ ਤੌਰ 'ਤੇ ਵਿਆਹ ਕਰਵਾਇਆ ਅਤੇ ਫਿਰ ਪੈਸੇ ਲੈ ਕੇ ਦੂਜਿਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਹ ਆਪਣੀ ਪਛਾਣ ਬਦਲ ਕੇ ਔਰਤਾਂ ਨਾਲ ਧੋਖਾਧੜੀ ਕਰਦਾ ਸੀ।

 

ਮੈਟਰੀਮੋਨੀਅਲ ਵੈੱਬਸਾਈਟ (Matrimonial Website) ਰਾਹੀਂ ਉਹ ਖਾਸ ਤੌਰ 'ਤੇ ਤਲਾਕਸ਼ੁਦਾ ਜਾਂ ਸਿੰਗਲ ਵਿਧਵਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਉਹ ਵੈੱਬਸਾਈਟ 'ਤੇ ਆਪਣੀ ਉਮਰ ਨੂੰ ਘੱਟ ਦੱਸਦਾ ਸੀ ਅਤੇ ਦੇਸ਼ ਭਰ ਦੇ ਪ੍ਰੋਫੈਸਰਾਂ, ਵਕੀਲਾਂ, ਡਾਕਟਰਾਂ ਅਤੇ ਇੱਥੋਂ ਤੱਕ ਕਿ ਫੌਜੀ ਅਧਿਕਾਰੀਆਂ ਨੂੰ ਵੀ ਵਿਆਹ ਦੇ ਬੰਧਨ 'ਚ ਬੱਝਣ ਲਈ ਰਾਜੀ ਕੀਤਾ ਸੀ।

 

18 ਔਰਤਾਂ ਨਾਲ ਵਿਆਹ ਕਰਵਾਉਣ ਵਾਲਾ ਵਿਅਕਤੀ ਗ੍ਰਿਫਤਾਰ


ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਬਿਭੂ ਪ੍ਰਕਾਸ਼ ਸਵੈਨ ਤਲਾਕਸ਼ੁਦਾ ਔਰਤਾਂ ਨੂੰ ਫਸਾਉਂਦਾ ਸੀ ,ਜੋ ਵਿਆਹ ਸੰਬੰਧੀ ਵੈੱਬਸਾਈਟਾਂ 'ਤੇ ਆਪਣੇ ਜੀਵਨ ਸਾਥੀ ਦੀ ਤਲਾਸ਼ ਕਰ ਰਹੀਆਂ ਸਨ। ਪੁਲੀਸ ਅਨੁਸਾਰ ਮੁਲਜ਼ਮ ਉਸ ਨੂੰ ਵਿਆਹ ਤੋਂ ਬਾਅਦ ਛੱਡਣ ਤੋਂ ਪਹਿਲਾਂ ਪੈਸੇ ਦੀ ਠੱਗੀ ਮਾਰਦਾ ਸੀ। ਮੁਲਜ਼ਮਾਂ ਕੋਲੋਂ ਕਈ ਏਟੀਐਮ ਕਾਰਡ, ਜਾਅਲੀ ਆਧਾਰ ਕਾਰਡ ਅਤੇ ਹੋਰ ਕਈ ਦਸਤਾਵੇਜ਼ ਵੀ ਬਰਾਮਦ ਹੋਏ ਹਨ।

 

ਫੜੇ ਗਏ ਵਿਅਕਤੀ ਸਵੈਨ ਨੇ ਆਸਾਮ, ਝਾਰਖੰਡ, ਦਿੱਲੀ, ਉੜੀਸਾ ਸਮੇਤ ਕਈ ਰਾਜਾਂ ਵਿੱਚ ਔਰਤਾਂ ਨਾਲ ਧੋਖਾਧੜੀ ਕਰਕੇ ਵਿਆਹ ਕਰਵਾਇਆ ਅਤੇ ਫਿਰ ਹੋਰ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਮੋਟੀ ਤਨਖ਼ਾਹ ਲੈਣ ਦਾ ਦਾਅਵਾ ਕੀਤਾ ਅਤੇ ਆਪਣੇ ਪ੍ਰਮਾਣ ਪੱਤਰ ਅਤੇ ਪਰਿਵਾਰਕ ਪਿਛੋਕੜ ਨੂੰ ਸਾਬਤ ਕਰਨ ਲਈ ਜਾਅਲੀ ਪਛਾਣ ਪੱਤਰ ਅਤੇ ਨਿਯੁਕਤੀ ਪੱਤਰਾਂ ਦੀ ਵਰਤੋਂ ਕਰਦਾ ਸੀ।

 

ਪਛਾਣ ਛੁਪਾ ਕੇ ਵਿਆਹ ਤੋਂ ਬਾਅਦ ਔਰਤਾਂ ਨਾਲ ਕਰਦਾ ਸੀ ਧੋਖਾਧੜੀ 

 

ਭੁਵਨੇਸ਼ਵਰ ਦੇ ਸੀਨੀਅਰ ਪੁਲਿਸ ਅਧਿਕਾਰੀ ਸੰਜੀਵ ਸਤਪਥੀ ਨੇ ਏਐਫਪੀ ਨੂੰ ਦੱਸਿਆ ਕਿ ਧੋਖੇਬਾਜ਼ ਮੁੱਖ ਤੌਰ 'ਤੇ ਪੈਸੇ ਅਤੇ ਕੁਝ ਹੱਦ ਤੱਕ ਜਿਨਸੀ ਸੁੱਖ ਲਈ ਅਜਿਹਾ ਕਰਦੇ ਸਨ। ਪੁਲਿਸ ਮੁਤਾਬਕ ਸਵੈਨ ਆਪਣੀਆਂ ਨਵੀਆਂ ਪਤਨੀਆਂ ਤੋਂ ਪੈਸੇ ਜਾਂ ਗਹਿਣੇ ਉਧਾਰ ਲੈਣ ਦਾ ਬਹਾਨਾ ਬਣਾਉਂਦਾ ਸੀ। ਪੁਲਿਸ ਦਾ ਮੰਨਣਾ ਹੈ ਕਿ ਧੋਖੇਬਾਜ਼ ਸਵੈਨ ਨੇ 18 ਤੋਂ ਵੱਧ ਵਾਰ ਵਿਆਹ ਕਰਵਾਏ ਹਨ। ਜਦੋਂ ਉਸ ਦੇ ਮੋਬਾਈਲ ਫ਼ੋਨ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਉਸ ਨੇ ਆਪਣੀਆਂ ਪਤਨੀਆਂ ਦੇ ਨੰਬਰ ਮੈਡਮ ਦਿੱਲੀ, ਮੈਡਮ ਅਸਾਮ ਜਾਂ ਮੈਡਮ ਯੂਪੀ ਵਜੋਂ ਸੇਵ ਕੀਤੇ ਹੋਏ ਸਨ।

 

ਪੁਲਿਸ ਨੇ ਮਈ 2021 ਵਿੱਚ ਇੱਕ 48 ਸਾਲਾ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਸਵੈਨ ਦੀ ਜਾਂਚ ਸ਼ੁਰੂ ਕੀਤੀ ਸੀ। ਉੜੀਸਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੇ ਸਵੈਨ ਨੇ ਪਹਿਲਾ ਵਿਆਹ 1978 ਵਿੱਚ ਕੀਤਾ ਅਤੇ ਉਸਦੀ ਪਹਿਲੀ ਪਤਨੀ ਤੋਂ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚੋਂ ਦੋ ਡਾਕਟਰ ਹਨ। ਇੱਕ ਲੈਬ ਟੈਕਨੀਸ਼ੀਅਨ ਵਜੋਂ ਸਿਖਲਾਈ ਪ੍ਰਾਪਤ, ਸਵੈਨ ਭੁਵਨੇਸ਼ਵਰ ਚਲਾ ਗਿਆ ,ਜਿੱਥੇ ਉਸਨੇ ਆਪਣੇ ਆਪ ਨੂੰ ਇੱਕ ਡਾਕਟਰ ਵਜੋਂ ਪੇਸ਼ ਕਰਨਾ ਸ਼ੁਰੂ ਕੀਤਾ ਅਤੇ ਫਿਰ 2002 ਵਿੱਚ ਇੱਕ ਡਾਕਟਰ ਨਾਲ ਵਿਆਹ ਕਰਵਾ ਲਿਆ ਸੀ।