Odisha Train Accident: ਬਾਲਾਸੋਰ ਹਾਦਸੇ ਤੋਂ ਬਾਅਦ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਇੱਕ ਨਵੀਂ ਸਮੱਸਿਆ ਸਾਹਮਣੇ ਆ ਗਈ ਹੈ। ਹਾਦਸੇ ਦੇ 36 ਘੰਟੇ ਬਾਅਦ ਇੱਥੇ ਰੱਖੀਆਂ ਲਾਸ਼ਾਂ ਵਿੱਚ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ 100 ਤੋਂ ਵੱਧ ਲਾਸ਼ਾਂ ਨੂੰ ਭੁਵਨੇਸ਼ਵਰ ਭੇਜ ਦਿੱਤਾ ਹੈ। ਇਨ੍ਹਾਂ ਲਾਸ਼ਾਂ ਨੂੰ ਭੁਵਨੇਸ਼ਵਰ ਏਮਜ਼ 'ਚ ਰੱਖਿਆ ਜਾਵੇਗਾ।


ਬਾਲਾਸੋਰ 'ਚ ਤਿੰਨ ਟਰੇਨਾਂ ਦੀ ਟੱਕਰ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਕੇ ਤੋਂ ਬਚਾਅ ਕਾਰਜ ਪੂਰਾ ਕਰ ਲਿਆ ਗਿਆ ਹੈ। 1175 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ 'ਚੋਂ 382 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। 793 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੌਰਾਨ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਸਮੱਸਿਆ ਬਣੀ ਹੋਈ ਹੈ। 100 ਤੋਂ ਵੱਧ ਲਾਸ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਜਾਂ ਤਾਂ ਪਛਾਣ ਨਹੀਂ ਹੋ ਸਕੀ ਹੈ ਜਾਂ ਕੋਈ ਉਨ੍ਹਾਂ ਨੂੰ ਲੈਣ ਨਹੀਂ ਆਇਆ।


ਲਾਸ਼ਾਂ ਦਾ ਫੋਰੈਂਸਿਕ ਟੈਸਟ ਕੀਤਾ ਜਾਵੇਗਾ


ਇਨ੍ਹਾਂ ਲਾਸ਼ਾਂ ਨੂੰ ਨੁਸ਼ੀ ਨਾਮਕ ਸਥਾਨ 'ਤੇ ਰੱਖਿਆ ਗਿਆ ਸੀ ਪਰ ਇੱਥੇ ਇਨ੍ਹਾਂ ਤੋਂ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਹੁਣ ਇਨ੍ਹਾਂ ਲਾਸ਼ਾਂ ਨੂੰ ਭੁਵਨੇਸ਼ਵਰ ਏਮਜ਼ ਭੇਜਿਆ ਗਿਆ ਹੈ। ਪ੍ਰਸ਼ਾਸਨ ਲਈ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਲਾਸ਼ਾਂ ਦੀ ਸ਼ਨਾਖਤ ਕਰਨਾ ਹੈ ਅਤੇ ਇਸ ਸਮੇਂ ਸਭ ਤੋਂ ਵੱਡਾ ਧਿਆਨ ਵੀ ਇਸ ਪਾਸੇ ਹੈ। ਰਾਜ ਸਰਕਾਰ ਨੇ ਅਣਪਛਾਤੀਆਂ ਲਾਸ਼ਾਂ ਦਾ ਸਟੇਟ ਫੋਰੈਂਸਿਕ ਲੈਬ ਵਿੱਚ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।


ਲਾਸ਼ਾਂ ਸਕੂਲ 'ਚ ਰੱਖੀਆਂ


ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਬਹਿਨਾਗਾ ਹਾਈ ਸਕੂਲ ਹੈ। ਇੱਥੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੱਡੀ ਗਿਣਤੀ ਵਿੱਚ ਲਿਆਂਦੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਘਟਨਾ ਸਥਾਨ ਤੋਂ ਨੇੜੇ ਹੈ। ਨਾਲ ਹੀ, ਇੰਨੀ ਵੱਡੀ ਗਿਣਤੀ ਵਿੱਚ ਲਾਸ਼ਾਂ ਨੂੰ ਰੱਖਣ ਲਈ ਕਾਫ਼ੀ ਜਗ੍ਹਾ ਸੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਹੁਣ ਤੱਕ 163 ਲਾਸ਼ਾਂ ਇੱਥੇ ਪਹੁੰਚ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਕਰੀਬ 30 ਦੀ ਪਛਾਣ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੀਤੀ ਹੈ।


ਸਕੂਲ ਵਿੱਚ 100 ਤੋਂ ਵੱਧ ਲੋਕ ਲਾਸ਼ਾਂ ਨੂੰ ਚੁੱਕਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਵੀ ਸ਼ਾਮਲ ਹਨ। ਰਾਜਿੰਦਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਖ਼ਰਾਬ ਲਾਸ਼ਾਂ ਨੂੰ ਚੁੱਕਣਾ ਔਖਾ ਕੰਮ ਹੈ ਪਰ ਉਨ੍ਹਾਂ ਦੇ ਵਿਰਲਾਪ ਕਰਦੇ ਰਿਸ਼ਤੇਦਾਰਾਂ ਨੂੰ ਦੇਖਣਾ ਹੋਰ ਵੀ ਦੁਖਦਾਈ ਹੈ। ਕੁਝ ਲਾਸ਼ਾਂ ਦੇ ਕਈ ਟੁਕੜੇ ਹੋ ਗਏ ਹਨ, ਜਦਕਿ ਕੁਝ ਨੂੰ ਬਿਜਲੀ ਦੇ ਝਟਕੇ ਲੱਗੇ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ।