Coromandel Train Accident: ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ (2 ਜੂਨ) ਨੂੰ ਹੋਏ ਰੇਲ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਅੱਪਡੇਟ ਹੋ ਗਈ ਹੈ। ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਐਤਵਾਰ (4 ਜੂਨ) ਨੂੰ ਦੱਸਿਆ ਕਿ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 288 ਨਹੀਂ, ਸਗੋਂ 275 ਹੈ।


ਰਾਜ ਦੇ ਮੁੱਖ ਸਕੱਤਰ ਨੇ ਕਿਹਾ ਕਿ ਡੀਐਮ ਦੁਆਰਾ ਮ੍ਰਿਤਕਾਂ ਦੇ ਅੰਕੜੇ ਦੀ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਕੁਝ ਲਾਸ਼ਾਂ ਨੂੰ ਦੋ ਵਾਰ ਗਿਣਿਆ ਗਿਆ ਸੀ। ਇਸ ਲਈ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 275 ਹੋ ਗਈ ਹੈ। ਮੁੱਖ ਸਕੱਤਰ ਨੇ ਦੱਸਿਆ ਕਿ 275 ਲਾਸ਼ਾਂ ਵਿੱਚੋਂ 88 ਦੀ ਪਛਾਣ ਹੋ ਚੁੱਕੀ ਹੈ।






700 ਤੋਂ ਵੱਧ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ  ਦੇ ਦਿੱਤੀ ਗਈ ਹੈ ਛੁੱਟੀ


ਮੁੱਖ ਸਕੱਤਰ ਨੇ ਦੱਸਿਆ ਕਿ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਮੁਰਦਾਘਰ ਵਿੱਚ ਰੱਖੀਆਂ ਸਾਰੀਆਂ ਲਾਸ਼ਾਂ ਦਾ ਡੀਐਨਏ ਟੈਸਟ ਵੀ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ 1175 ਵਿਅਕਤੀਆਂ ਵਿੱਚੋਂ 793 ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹਾਦਸੇ ਦਾ ਕਾਰਨ ਦੱਸਿਆ


ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹਾਦਸੇ ਦਾ ਕਾਰਨ ਦੱਸਿਆ ਅਤੇ ਬੁੱਧਵਾਰ ਤੱਕ ਹਾਦਸੇ ਵਾਲੇ ਖੇਤਰ 'ਚ ਸੇਵਾ ਬਹਾਲ ਹੋਣ ਦੀ ਉਮੀਦ ਜਤਾਈ। ਰੇਲ ਮੰਤਰੀ ਨੇ ਕਿਹਾ ਕਿ ਹਾਦਸੇ ਦਾ ਕਾਰਨ ਰੇਲਵੇ ਸਿਗਨਲਾਂ ਲਈ ਲੋੜੀਂਦੀ 'ਪੁਆਇੰਟ ਮਸ਼ੀਨ' ਅਤੇ 'ਇਲੈਕਟ੍ਰਾਨਿਕ ਇੰਟਰਲਾਕਿੰਗ' ਸਿਸਟਮ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ 'ਇਲੈਕਟ੍ਰਾਨਿਕ ਇੰਟਰਲਾਕਿੰਗ' 'ਚ ਬਦਲਾਅ ਦੀ ਪਛਾਣ ਕੀਤੀ ਗਈ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ |


ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਾਲਾਸੋਰ ਦੇ ਬਹੰਗਾ ਬਾਜ਼ਾਰ ਰੇਲਵੇ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਮੇਨ ਲਾਈਨ ਦੀ ਬਜਾਏ ਲੂਪ ਲਾਈਨ 'ਤੇ ਚੜ੍ਹ ਗਈ, ਜਿਸ ਕਾਰਨ ਇਹ ਉਥੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਇਸ ਦੇ ਨਾਲ ਹੀ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਈ। ਇਸ ਹਾਦਸੇ ਕਾਰਨ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।