ਮੁੰਬਈ- ਬੇਨਿਨ ਤੱਟ ਨੇੜੇ ਗਿਨੀ ਦੀ ਖਾੜੀ 'ਚ ਇਕ ਤੇਲ ਦਾ ਜਹਾਜ਼ 22 ਭਾਰਤੀਆਂ ਸਮੇਤ ਲਾਪਤਾ ਹੋ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਡਾਇਰੈਕਟਰ ਜਨਰਲ (ਸ਼ਿਪਿੰਗ) ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਖੇਤਰ ਸਮੁੰਦਰੀ ਲੁਟੇਰਿਆਂ ਕਾਰਨ ਖਾਸਾ ਮਸ਼ਹੂਰ ਹੈ ਜੋ ਫਿਰੌਤੀ ਲਈ ਅਕਸਰ ਵਪਾਰਿਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ, ਪਰ ਅਜੇ ਤੱਕ ਫਿਰੌਤੀ ਬਗੈਰਾ ਲਈ ਕੋਈ ਕਾਲ ਨਹੀਂ ਆਈ ਹੈ।


ਡਾਇਰੈਕਟਰ ਜਨਰਲ ਨੇ ਦੱਸਿਆ ਕਿ ਤੇਲ ਦੇ ਇਸ ਜਹਾਜ਼ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋੋ ਰਿਹਾ ਕਿਉਂਕ ਇਸ ਦਾ ਸੰਚਾਰ (ਕਮਨੀਕੇਸ਼ਨ) ਨੈਟਵਰਕ ਟੁੱਟ ਚੁੱਕਾ ਹੈ।
ਇਸ ਖੁਲਾਸੇ ਤੋਂ ਪਹਿਲਾਂ ਵੀ ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ ਕੁਮਾਰ ਨੇ ਟਵੀਟ ਕਰ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਮੁੰਬਈ ਸਥਿਤ ਐਾਗਲੋ ਈਸਟਰਨ ਸ਼ਿਪਿੰਗ ਕੰਪਨੀ ਦਾ ਇਕ ਵਪਾਰਿਕ ਜਹਾਜ਼ (ਤੇਲ ਟੈਂਕਰ) ਆਪਣੇ 22 ਭਾਰਤੀ ਮੁਲਾਜ਼ਮਾਂ ਨਾਲ ਬੇਨਿਨ ਤੱਟ ਨੇੜੇ ਸੰਭਵ ਤੌਰ 'ਤੇ ਗਿਨੀ ਦੀ ਖਾੜੀ 'ਚ ਲਾਪਤਾ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਥਿਤੀ 'ਤੇ ਨਜ਼ਰ ਰੱਖਣ ਲਈ ਨਾਈਜੀਰੀਆ 'ਚ ਸਾਡੇ ਦੂਤਾਵਾਸ ਦੇ ਅਧਿਕਾਰੀ ਲਗਾਤਾਰ 24-ਘੰਟੇ ਬੇਨਿਨ ਤੇ ਨਾਈਜੀਰੀਆ ਦੇ ਸਬੰਧਿਤ ਅਧਿਕਾਰੀਆਂ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਵਲੋਂ ਲਾਪਤਾ ਹੋਏ ਜਹਾਜ਼ ਦਾ ਪਤਾ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਮਹੀਨੇ ਦੇ ਸਮੇਂ 'ਚ ਇਸ ਖੇਤਰ 'ਚ ਲਾਪਤਾ ਹੋਣ ਵਾਲਾ ਇਹ ਦੂਸਰਾ ਭਾਰਤੀ ਜਹਾਜ਼ ਹੈ।