ਏਅਰ ਚੀਫ਼ ਮਾਰਸ਼ਲ ਨੇ ਸਾਫ਼ ਕਿਹਾ ਹੈ ਕਿ ਦੁਨੀਆ ਨੂੰ ਆਪਣੀ ਤਾਕਤ ਦਿਖਾਉਣ ਲਈ ਸਾਨੂੰ ਹੋਰ ਵਧੇਰੇ ਆਧੁਨਿਕ ਜਹਾਜ਼ਾਂ ਦੀ ਲੋੜ ਹੈ। ਦਿੱਲੀ ‘ਚ ਸੀਆਈਆਈ ਵੱਲੋਂ ਕਰਵਾਏ ਸਮਾਗਮ ਸਵਦੇਸ਼ੀਕਰਨ ਤੇ ਆਧੁਨਿਕੀਕਰਨ’ ‘ਚ ਧਨੋਆ ਨੇ ਇਹ ਗੱਲਾਂ ਕੀਤੀਆਂ ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸੀ। ਹਵਾਈ ਸੈਨਾ ਦੇ ਪ੍ਰਮੁੱਖ ਬੀਐਸ ਧਨੋਆ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਤੋਂ ਬਗ਼ੈਰ ਏਅਰਫੋਰਸ ਬਿਲਕੁਲ ਬਿਨਾਂ ਤਾਕਤ ਦੀ ਹਵਾ ਵਰਗੀ ਹੈ। ਇਸ ਲਈ ਸਾਨੂੰ ਦੁਨੀਆ ਨੂੰ ਆਪਣੀ ਹਵਾਈ ਸ਼ਕਤੀ ਦਰਸਾਉਣ ਲਈ ਹੋਰ ਜਹਾਜ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਵਦੇਸ਼ੀਕਰਨ ਦੇ ਚੱਕਰ ਵਿੱਚ ਏਅਰਫੋਰਸ ਦੇ ਆਧੁਨਿਕੀਕਰਨ ਨੂੰ ਨਹੀਂ ਰੋਕ ਸਕਦੇ।
ਏਅਰ ਚੀਫ ਮਾਰਸ਼ਲ ਧਨੋਆ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਭਾਰਤੀ ਹਵਾਈ ਸੈਨਾ ਕੋਲ ਰਾਫਾਲ ਵਰਗੇ ਆਧੁਨਿਕ ਲੜਾਕੂ ਜਹਾਜ਼ ਹੁੰਦੇ ਤਾਂ ਅਭਿਨੰਦਨ ਨੂੰ ਪਾਕਿਸਤਾਨੀ ਐਫ 16 ਦਾ ਪਿੱਛਾ ਨਹੀਂ ਕਰਨਾ ਪੈਂਦਾ। ਭਾਰਤੀ ਹਵਾਈ ਸੈਨਾ ਕੋਲ ਫਿਲਹਾਲ ਲੜਾਕੂ ਜਹਾਜ਼ਾਂ ਦੇ 30 ਸਕੁਐਡਰਨ ਹਨ। ਇਨ੍ਹਾਂ 30 ਸਕੁਐਰਡਰਾਂ ਵਿੱਚੋਂ ਪੰਜ ਸਕੁਐਡਰਨ ਮਿੱਗ 21, ਇੱਕ ਮਿੱਡ 27 ਤੇ ਤਿੰਨ ਮਿੱਗ 29 ਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸਾਡੀਆਂ ਹਥਿਆਰਬੰਦ ਫੌਜਾਂ ਨੇ ਗੁਆਂਢੀ ਮੁਲਕ (ਪਾਕਿਸਤਾਨ) ਵਿੱਚ ਅੱਤਵਾਦੀ ਸੰਗਠਨਾਂ ‘ਤੇ ਜਿਸ ਢੰਗ ਨਾਲ ਕਾਰਵਾਈ ਕੀਤੀ ਸੀ, ਉਹ ਦਰਸਾਉਂਦੀ ਹੈ ਕਿ ਸਾਡੀ ਫੌਜ ਕਿੰਨੀ ਦੂਰ ਪਹੁੰਚੀ ਹੈ ਤੇ ਉਹ ਕਿੰਨੇ ਮਾਰੂ ਹਨ।