Onion Price Hike: ਜਿੱਥੇ ਹਾਲ ਹੀ ਵਿੱਚ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਨੂੰ ਲੈ ਪਿਛਲੇ ਦਿਨੀਂ ਚਰਚਾ ਹੋਈ ਸੀ, ਉੱਥੇ ਹੀ ਹੁਣ ਇੱਕ ਵਾਰ ਫਿਰ ਪਿਆਜ਼ ਤੁਹਾਨੂੰ ਰਵਾਉਣ ਲਈ ਤਿਆਰ ਹੈ। ਕੁਝ ਸਮੇਂ ਦੇ ਅੰਦਰ ਹੀ ਪਿਆਜ਼ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਹੋ ਗਿਆ ਅਤੇ ਹੁਣ ਬਾਜ਼ਾਰਾਂ 'ਚ ਪਿਆਜ਼ 65 ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਭਾਅ ਹੋਰ ਵਧਣਗੇ ਅਤੇ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਣਗੇ।






ਦਿੱਲੀ ਦੀ ਗਾਜ਼ੀਪੁਰ ਮੰਡੀ ਵਿੱਚ ਇੱਕ ਪਿਆਜ਼ ਵਪਾਰੀ ਨੇ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਿਆਜ਼ ਦੀ ਆਮਦ ਘੱਟ ਹੈ, ਜਿਸ ਕਾਰਨ ਕੀਮਤਾਂ ਵੱਧ ਹਨ। ਅੱਜ ਪਿਆਜ਼ ਦੀ ਕੀਮਤ 350 ਰੁਪਏ ਪ੍ਰਤੀ 5 ਕਿਲੋ ਹੈ, ਜਦੋਂ ਕਿ ਕੱਲ੍ਹ ਇਹ 300 ਰੁਪਏ ਸੀ। ਕੁਝ ਦਿਨ ਪਹਿਲਾਂ ਤੱਕ ਇਸ ਦੀ ਕੀਮਤ 200 ਰੁਪਏ ਸੀ। ਪਿਆਜ਼ ਵਪਾਰੀ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਕੀਮਤਾਂ ਵਿੱਚ ਵਾਧਾ ਹੋਇਆ ਹੈ।


ਪਿਆਜ਼ ਦੇ ਰੇਟ ਵਧਣ ਦਾ ਕੀ ਕਾਰਨ ਹੈ?


ਪੀਟੀਆਈ ਏਜੰਸੀ ਦੇ ਅਨੁਸਾਰ, ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਸਮ ਨਾਲ ਸਬੰਧਤ ਕਾਰਨਾਂ ਕਰਕੇ ਸਾਉਣੀ ਪਿਆਜ਼ ਦੀ ਬਿਜਾਈ ਵਿੱਚ ਦੇਰੀ ਨਾਲ ਫਸਲ ਘੱਟ ਹੋਈ ਅਤੇ ਫਸਲ ਦੀ ਆਮਦ ਵਿੱਚ ਦੇਰੀ ਹੋਈ। ਅਧਿਕਾਰੀ ਨੇ ਕਿਹਾ ਕਿ ਸਾਉਣੀ ਦੇ ਤਾਜ਼ੇ ਪਿਆਜ਼ ਦੀ ਆਮਦ ਹੁਣ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਸਟੋਰ ਕੀਤੇ ਹਾੜੀ ਦੇ ਪਿਆਜ਼ ਦੀ ਘਾਟ ਅਤੇ ਸਾਉਣੀ ਦੇ ਪਿਆਜ਼ ਦੀ ਆਮਦ ਵਿੱਚ ਦੇਰੀ ਕਾਰਨ ਸਪਲਾਈ ਦੀ ਸਥਿਤੀ ਮਾੜੀ ਹੈ, ਜਿਸ ਦੇ ਨਤੀਜੇ ਵਜੋਂ ਥੋਕ ਅਤੇ ਪ੍ਰਚੂਨ ਦੋਵਾਂ ਬਾਜ਼ਾਰਾਂ ਵਿੱਚ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਚਾਲੂ ਸਾਲ 2023-24 ਵਿੱਚ ਪਿਆਜ਼ ਲਈ ‘ਬਫਰ ਸਟਾਕ’ ਦੁੱਗਣਾ ਕਰ ਦਿੱਤਾ ਹੈ। ਇਸ ਨਾਲ ਘਰੇਲੂ ਉਪਲਬਧਤਾ ਵਿੱਚ ਸੁਧਾਰ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵਧਦੀਆਂ ਕੀਮਤਾਂ ਨੂੰ ਰੋਕਿਆ ਜਾ ਸਕੇਗਾ।