Operation Gear Box : ਗੁਜਰਾਤ ATS ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ। ਇਸ ਵਾਰ ਏਟੀਐਸ ਅਤੇ ਡੀਆਰਆਈ ਨੇ ਕੋਲਕਾਤਾ ਵਿੱਚ ਇੱਕ ਵੱਡੀ ਕਾਰਵਾਈ ਵਿੱਚ 200 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।
  ਕਬਾੜ ਦੇ ਅੰਦਰ ਇਹ 40 ਕਿਲੋ ਡਰੱਗ ਛੁਪਾਈ ਗਈ ਸੀ , ਜਿਸਨੂੰ ਦੁਬਈ ਤੋਂ ਲਿਆਂਦਾ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਕਬਾੜ ਦੇ ਡੱਬਿਆਂ ਵਿੱਚ ਲਿਆਂਦੀਆਂ ਗਈਆਂ ਨਸ਼ੀਲੀਆਂ ਦਵਾਈਆਂ ਗੇਅਰ ਬਾਕਸ ਦੇ ਅੰਦਰ ਛੁਪਾਈ ਗਈ ਸੀ। ਗੁਜਰਾਤ ਏਟੀਐਸ ਨੂੰ ਪਹਿਲਾਂ ਹੀ ਇਸ ਮਾਮਲੇ ਦੀ ਠੋਸ ਜਾਣਕਾਰੀ ਸੀ। ਗੁਜਰਾਤ ਦੇ ਪੁਲਿਸ ਡਾਇਰੈਕਟਰ ਜਨਰਲ ਆਸ਼ੀਸ਼ ਭਾਟੀਆ ਨੇ ਕਿਹਾ ਕਿ ਇਹ ਡਰੱਗ 12 ਗੇਅਰ ਬਾਕਸਾਂ ਦੇ ਅੰਦਰ ਛੁਪਾਈ ਗਈ ਸੀ , ਜੋ ਕਿ ਜੋ ਦੁਬਈ ਦੇ ਜੇਬਲ ਅਲੀ ਬੰਦਰਗਾਹ ਤੋਂ ਇੱਕ ਸ਼ਿਪਿੰਗ ਕੰਟੇਨਰ ਵਿੱਚ ਭੇਜੇ ਗਏ 7,220 ਕਿਲੋਗ੍ਰਾਮ ਮੈਟਲ ਸਕ੍ਰੈਪ ਦਾ ਹਿੱਸਾ ਸੀ ਅਤੇ ਇਹ ਫਰਵਰੀ ਵਿੱਚ ਕੋਲਕਾਤਾ ਬੰਦਰਗਾਹ ਪਹੁੰਚੇ ਸਨ।


ਚਿੱਟੀ ਸਿਆਹੀ ਨਾਲ ਮਾਰਕ ਸੀ ਇਹ ਬਾਕਸ


ਸੈਂਚੁਰੀ ਕੰਟੇਨਰ ਫਰੇਟ ਸਟੇਸ਼ਨ 'ਚ ਆਪਰੇਸ਼ਨ 'ਗੇਅਰ ਬਾਕਸ' ਨੂੰ ਅੰਜ਼ਾਮ ਦਿੱਤਾ ਗਿਆ। ਖੇਪ ਵਿੱਚ 7,220 ਕਿਲੋ ਮੈਟਲ ਸਕ੍ਰੈਪ ਅਤੇ 36 ਗੇਅਰ ਬਾਕਸ ਸਨ। ਇਨ੍ਹਾਂ 36 ਪੇਟੀਆਂ ਵਿੱਚੋਂ 12 ਉੱਤੇ ਚਿੱਟੀ ਸਿਆਹੀ ਨਾਲ ਨਿਸ਼ਾਨ ਸਨ, ਜਦੋਂ ਉਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਹੈਰੋਇਨ ਦੇ 72 ਪੈਕੇਟ ਮਿਲੇ। ਮਾਮਲੇ ਦੀ ਜਾਂਚ ਅਜੇ ਜਾਰੀ ਹੈ ਕਿਉਂਕਿ ਅਧਿਕਾਰੀਆਂ ਨੇ ਸਾਰੇ ਗੇਅਰ ਬਾਕਸ ਖੋਲ੍ਹਣ ਦਾ ਫੈਸਲਾ ਕੀਤਾ ਹੈ। ਫਿਲਹਾਲ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੰਟੇਨਰ ਨੂੰ ਕੋਲਕਾਤਾ ਤੋਂ ਦੁਬਾਰਾ ਕਿਸੇ ਹੋਰ ਦੇਸ਼ ਭੇਜਿਆ ਜਾਣਾ ਸੀ।

ਡੀਜੀਪੀ ਭਾਟੀਆ ਨੇ ਇਹ ਵੀ ਦੱਸਿਆ ਕਿ ਇਹ ਕਾਰਵਾਈ ਗੁਜਰਾਤ ਏਟੀਐਸ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਪੁਲਿਸ ਕੋਸਟ ਗਾਰਡ, ਐਨਸੀਬੀ, ਪੰਜਾਬ ਅਤੇ ਦਿੱਲੀ ਪੁਲਿਸ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਫੋਰੈਂਸਿਕ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਹੈ ਕਿ ਪੈਕੇਟ ਵਿੱਚ 39.5 ਕਿਲੋਗ੍ਰਾਮ ਹੈਰੋਇਨ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 197.82 ਕਰੋੜ ਰੁਪਏ ਹੈ।

ਇਸ ਤੋਂ ਪਹਿਲਾਂ 18 ਅਗਸਤ ਨੂੰ ਵੀ ਗੁਜਰਾਤ ਏਟੀਐਸ ਨੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਸੀ। ਉਨ੍ਹਾਂ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਟੀਮ ਨੇ ਇਕ ਨਿਰਮਾਣ ਫੈਕਟਰੀ 'ਚੋਂ 225 ਕਿਲੋਗ੍ਰਾਮ ਮੈਫੇਡ੍ਰੋਨ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 1.125 ਕਰੋੜ ਰੁਪਏ ਸੀ।