Punjab News: ਸਾਕਾ ਪੰਜਾ ਸਾਹਿਬ ਦੇ ਪਾਕਿਸਤਾਨ ਵਿਚ ਹੋ ਰਹੇ ਸ਼ਤਾਬਦੀ ਸਮਾਗਮਾਂ ਵਿਚ ਭਾਗ ਲੈਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕੁੱਲ 36 ਵਿਅਕਤੀਆਂ ਨੇ ਪਾਕਿਸਤਾਨ ਦੇ ਵੀਜ਼ੇ ਲੈਣ ਲਈ ਅਪਲਾਈ ਕੀਤਾ ਸੀ ਜਿਸ ਵਿਚੋਂ ਸਿਰਫ 14 ਵੀਜ਼ੇ ਦਿੱਤੇ ਗਏ ਤੇ ਮੈਂਬਰਾਂ ਸਮੇਤ ਬਾਕੀ ਸੰਗਤਾਂ ਨੂੰ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਜੋ ਬਹੁਤ ਹੀ ਨਿੰਦਣਯੋਗ ਗੱਲ ਹੈ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰਗਟ ਕੀਤੇ ਹਨ।


ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਪਾਕਿਤਸਾਨ ਵਿਚ ਵੱਡੀ ਪੱਧਰ ’ਤੇ ਮਨਾਈ ਜਾ ਰਹੀ ਹੈ। ਸਿੱਖ ਰੋਜ਼ ਅਰਦਾਸਾਂ ਕਰਦੇ ਹਨ ਕਿ ਗੁਰਧਾਮਾਂ ਦੇ ਦਰਸ਼ਨ ਦੀਦਾਰ ਸੰਗਤਾਂ ਕਰ ਸਕਣ ਪਰ ਪਾਕਿਤਸਾਲ ਅੰਬੈਸੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਸਮੇਤ ਸੰਗਤਾਂ ਵੱਲੋਂ ਵੀਜ਼ੇ ਲਈ ਕੀਤੇ ਅਪਲਾਈ ਨੂੰ ਸਵੀਕਾਰ ਨਹੀਂ ਕੀਤਾ ਤੇ ਕੁੱਲ 36 ਅਰਜ਼ੀਆਂ ਵਿਚੋਂ ਸਿਰਫ 14 ਵਿਅਕਤੀਆਂ ਨੂੰ ਵੀਜ਼ੇ ਜਾਰੀ ਕੀਤੇ ਹਨ।


ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਵੱਲੋਂ ਪਾਕਿਸਤਾਨ ਵਿਚ ਸਿੱਖ ਬੱਚੀਆਂ ਨਾਲ ਹੁੰਦੇ ਵਿਤਕਰੇ, ਜਬਰੀ ਅਗਵਾ ਕਰਨ, ਧਰਮ ਪਰਿਵਰਤਨ ਕਰਨ ਤੇ ਫਿਰ ਮੁਸਲਮਾਨਾਂ ਨਾਲ ਨਿਕਾਹ ਕਰਵਾਉਣ ਦੀਆਂ ਘਟਨਾਵਾਂ ਵਿਰੁੱਧ ਜੋ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਇਹ ਵੀਜ਼ੇ ਦੇਣ ਤੋਂ ਇਨਕਾਰ ਕਰਨਾ ਉਹਨਾਂ ਦੀ ਕਿੜ ਕੱਢਣ ਵਾਲੀ ਗੱਲ ਹੈ।


ਉਹਨਾਂ ਕਿਹਾ ਕਿ ਬੀਤੇ ਦਿਨੀਂ ਅਸੀਂ ਸ੍ਰੀ ਨਨਕਾਣਾ ਸਾਹਿਬ ਵਿਚ ਇਕ ਬੱਚੀ ਦਾ ਧਰਮ ਪਰਿਵਰਤਨ ਤੇ ਨਿਕਾਹ ਕਰਵਾਇਆ ਗਿਆ ਤਾਂ ਰੋਸ ਪ੍ਰਦਰਸ਼ਨ ਕੀਤਾ ਤੇ ਅੰਬੈਸੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਪਾਕਿਸਤਾਨੀ ਅਧਿਕਾਰੀਆਂ ਦਾ ਰਵੱਈਆ ਠੀਕ ਨਹੀਂ ਸੀ। ਅਜਿਹਾ ਲੱਗਦਾ ਹੈ ਕਿ ਕਿੜ ਕੱਢੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦਾ ਪ੍ਰਤੀਕਰਮ ਨਾਂਹ ਪੱਖੀ ਸੀ।


ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸੰਗਤਾਂ ਦੇ ਚੁਣੇ ਹੋਏ ਮੈਂਬਰ ਹਨ ਤੇ ਦਿੱਲੀ ਦੀਆਂ ਸੰਗਤਾਂ ਨੂੰ ਵੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ ਪਰ ਬਹੁਤ ਨਿੰਦਣਯੋਗ ਗੱਲ ਹੈ ਕਿ ਪਾਕਿਸਤਾਨ ਸਰਕਾਰ ਨੇ ਸਾਡੇ ਚੁਣੇ ਹੋਏ ਮੈਂਬਰਾਂ ਤੇ ਦਿੱਲੀ ਦੀਆਂ ਸੰਗਤਾਂ ਨੂੰ ਇਸ ਇਤਿਹਾਸਕ ਦਿਹਾੜੇ ਲਈ ਵੀਜ਼ੇ ਨਹੀਂ ਕੀਤੇ ਜਿਸਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ।