ਪਲਵਲ: ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਾਰ ਰਹੇ ਕਿਸਾਨਾਂ ਨੇ ਬੀਤੀ 26 ਮਾਰਚ ਨੂੰ ‘ਭਾਰਤ ਬੰਦ’ ਦਾ ਐਲਾਨ ਕੀਤਾ ਸੀ। ਉਸੇ ਦੌਰਾਨ ਹਰਿਆਣਾ ਦੇ ਸ਼ਹਿਰ ਪਲਵਲ ’ਚ ਕਿਸਾਨਾਂ ਨੇ ਰਾਸ਼ਟਰੀ ਰਾਜ ਮਾਰਗ-19 ਜਾਮ ਕਰ ਦਿੱਤਾ ਸੀ। ਇਸ ਮਾਮਲੇ ’ਚ ਪਲਵਲ ਪੁਲਿਸ ਨੇ 16 ਨਾਮਜ਼ਦ ਤੇ 450 ਤੋਂ 500 ਹੋਰ ਕਿਸਾਨਾਂ ਵਿਰੁੱਧ FIR ਦਰਜ ਕੀਤੀ ਹੈ। ਇਸ ਮਾਮਲੇ ’ਚ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪਲਵਲ ’ਚ ਵੀ ਕਿਸਾਨ ਆਗੂਆਂ ਨੇ ਨੈਸ਼ਨਲ ਹਾਈਵੇਅ ਨੁੰ ਲਗਪਗ 4 ਘੰਟੇ ਜਾਮ ਰੱਖਿਆ ਸੀ। ਇਸੇ ਦੋਸ਼ ਅਧੀਨ ਕੁਝ ਨਾਮਜ਼ਦ ਕਿਸਾਨ ਆਗੂਆਂ ਤੇ ਹੋਰ ਕਿਸਾਨਾਂ ਵਿਰੁੱਧ ਨੈਸ਼ਨਲ ਹਾਈਵੇਅ ਐਕਟ 8ਬੀ, 148, 149, 86, 188, 283, 353 IPC ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਦਰ ਥਾਣਾ ਇੰਚਾਰਜ ਆਨੰਦ ਕੁਮਾਰ ਨੇ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਦੇ ਨਾਂਅ ਔਰੰਗਾਬਾਦ ਪਿੰਡ ਦੇ ਨਿਵਾਸੀ ਸਮੁੰਦਰ, ਮਹੇਂਦਰ, ਜੈਰਾਮ, ਹੁਸ਼ਿਆਰ, ਮੇਘ ਸਿੰਘ, ਹਰੀ, ਸੁਮੇਰ, ਬੁੱਧੀ, ਸ਼ਿਵਰਾਮ, ਨੱਥੀ, ਅਤਰ ਸਿੰਘ, ਰਤਲ ਸਿੰਘ, ਰਾਮਵੀਰ ਤੇ ਪਿੰਡ ਜਨੌਲੀ ਨਿਵਾਸੀ ਛੋਟਾ ਪਹਿਲਵਾਨ ਹਨ।
ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਵਿੰਗੇ–ਟੇਢੇ ਕਰ ਕੇ ਟ੍ਰੈਕਟਰ ਟ੍ਰਾਲੀਆਂ ਖੜ੍ਹੇ ਕਰ ਕੇ ਹਾਈਵੇਅ ਜਾਮ ਕਰ ਦਿੱਤਾ ਗਿਆ ਸੀ; ਜਿਸ ਕਾਰਣ ਕਈ ਵਾਹਨ ਫਸੇ ਰਹੇ। ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਮ ਵਿੱਚ ਫ਼ੌਜ ਦੀਆਂ ਗੱਡੀਆਂ ਤੇ ਐਂਬੂਲੈਂਸ ਵੀ ਫਸੀਆਂ ਰਹੀਆਂ।
ਉੱਧਰ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਤਾਨਾਸ਼ਾਹੀ ਵਾਲਾ ਹੈ। ‘ਭਾਰਤ ਬੰਦ’ ਦਾ ਸੱਦਾ ਪਹਿਲਾਂ ਤੋਂ ਦਿੱਤਾ ਗਿਆ ਸੀ। ਹਰੇਕ ਨੂੰ ਪਹਿਲਾਂ ਪਤਾ ਸੀ। ਜਾਮ ਦੌਰਾਨ ਕਿਸੇ ਵੀ ਫ਼ੌਜੀ ਗੱਡੀ, ਐਂਬੂਲੈਂਸ, ਫ਼ਾਇਰ ਬ੍ਰਿਗੇਡ ਇੰਜਣ ਸਮੇਤ ਅਜਿਹੇ ਕਿਸੇ ਵੀ ਜ਼ਰੂਰੀ ਵਾਹਨਾਂ ਨੂੰ ਜਾਮ ’ਚ ਫਸਣ ਨਹੀਂ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਸਿਰਫ਼ ਕਿਸਾਨਾਂ ਨੂੰ ਡਰਾਉਣ ਲਈ ਅਜਿਹੇ ਮੁਕੱਦਮੇ ਦਰਜ ਕਰ ਰਹੀ ਹੈ ਪਰ ਕਿਸਾਨ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, MSP ਉੱਤੇ ਲਿਖਤੀ ਕਾਨੂੰਨ ਨਹੀਂ ਬਣੇਗਾ, ਤਦ ਤੱਕ ਧਰਨਾ ਪੂਰੀ ਤਰ੍ਹਾਂ ਕਾਇਮ ਰਹੇਗਾ।
ਇਹ ਵੀ ਪੜ੍ਹੋ: ਸਵੇਜ਼ ਨਹਿਰ 'ਚ ਫਸਿਆ ਕਾਰਗੋ ਜਹਾਜ਼ ਆਖ਼ਰ 6 ਦਿਨਾਂ ਮਗਰੋਂ ਨਿਕਲਿਆ, ਦੁਨੀਆ ਲਈ ਰਾਹਤ ਦੀ ਖ਼ਬਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin