ਨਵੀਂ ਦਿੱਲੀ: ਬੀਤੇ ਕੱਲ੍ਹ ਸਿੰਘੂ ਬਾਰਡਰ ਤੇ ਹੋਈ ਪੱਥਰਬਾਜ਼ੀ ਲਈ ਕਿਸਾਨ ਲੀਡਰਾਂ ਨੇ ਬੀਜੇਪੀ ਤੇ ਦੋਸ਼ ਲਾਏ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੀਜੇਪੀ ਦਾ ਪਹਿਲਾਂ ਤੋਂ ਹੀ ਹਮਲਾ ਕਰਨ ਦਾ ਪਲਾਨ ਸੀ।


ਪੰਧੇਰ ਨੇ ਕਿਹਾ, " ਹਮਲਾਵਰਾਂ ਨੇ ਬੀਬੀਆਂ ਦੇ ਕੈਂਪ 'ਤੇ ਵੀ ਹਮਲਾ ਕੀਤਾ।ਇਸ ਮਗਰੋਂ ਔਰਤਾਂ ਅਤੇ ਬੱਚਿਆਂ 'ਚ ਸਹਿਮ ਦਾ ਮਾਹੌਲ ਹੈ।ਬੀਜੇਪੀ ਦੇ ਲੋਕਾਂ ਨੇ ਰਾਸ਼ਟਰੀ ਝੰਡੇ ਦੇ ਬੇਅਦਬੀ ਕੀਤੀ ਹੈ।ਰਾਸ਼ਟਰੀ ਝੰਡਿਆਂ ਨਾਲ ਬੀਜੇਪੀ ਨੇ ਕਿਸਾਨਾਂ 'ਤੇ ਹਮਲਾ ਵੀ ਕੀਤਾ।"

ਪੰਧੇਰ ਨੇ ਦਿੱਲੀ ਪੁਲਿਸ ਤੇ ਸਵਾਲ ਚੁੱਕਦੇ ਹੋਏ ਕਿਹਾ," ਪੁਲਿਸ ਨੇ ਕਿਸਾਨਾਂ ਦੇ ਖਿਲਾਫ਼ ਹੀ ਪਰਚੇ ਦਰਜ ਕੀਤੇ ਹਨ।ਸਾਧਾਰਨ ਅੰਦੋਲਨਕਾਰੀਆਂ ਨੂੰ ਵੀ ਪੁਲਿਸ ਚੁੱਕ ਰਹੀ ਹੈ।ਸਿੰਘੂ 'ਤੇ ਹੋਈ ਹਿੰਸਾ ਕਾਰਨ ਪੁਲਿਸ ਕਿਸਾਨਾਂ 'ਤੇ ਹੀ ਕਾਰਵਾਈ ਕਰ ਰਹੀ ਹੈ।ਭਾਰੀ ਸੁਰੱਖਿਆ ਬਲਾਂ ਦੇ ਬਾਵਜੂਦ ਕਿਵੇਂ ਲੋਕ ਸਿੰਘੂ ਪਹੁੰਚੇ ?ਪੁਲਿਸ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।ਪੁਲਿਸ ਦਾ ਧਮਕੀ ਭਰਿਆ ਰਵੱਇਆ ਨਿਰਪੱਖਤਾ ਨਹੀਂ ਜਤਾਉਂਦਾ।"

ਉਨ੍ਹਾਂ ਅੱਗੇ ਕਿਹਾ ਕਿ ," ਅਲੀਪੁਰ ਥਾਣੇ 'ਚ ਲਿਖਤੀ ਅਰਜ਼ੀ ਦਿੱਤੀ ਗਈ ਹੈ।ਜੇ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਕਾਨੂੰਨੀ ਲੜ੍ਹਾਈ ਲੜਾਂਗੇ।ਕਾਨੂੰਨੀ ਲੜਾਈ ਲਈ ਚੰਡੀਗੜ੍ਹ ਤੋਂ ਕਾਨੂੰਨੀ ਟੀਮ ਵੀ ਬੁਲਾਈ ਗਈ ਹੈ।ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਸਰਕਾਰ ਦੀ ਧੱਕੇਸ਼ਾਹੀ ਨਾਲ ਅੰਦੋਲਨ ਹੋਰ ਵਧਿਆ ਹੈ।"