ਨਵੀਂ ਦਿੱਲੀ: ਕਸ਼ਮੀਰੀ ਪੰਡਤਾਂ ਦੇ ਉਜਾੜੇ 'ਤੇ ਬਣੀ ਫਿਲਮ 'ਦ ਕਸ਼ਮੀਰ ਫਾਈਲਜ਼' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਫ਼ਿਲਮ 1990 ਦੇ ਦਹਾਕੇ ਦੌਰਾਨ ਕਸ਼ਮੀਰ ਘਾਟੀ ਤੋਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਦੇ ਮੁੱਦੇ ਨੂੰ ਦਰਸਾਉਂਦੀ ਹੈ। ਇਸ ਦੌਰਾਨ ਸੋਮਵਾਰ ਨੂੰ ਸੰਸਦ 'ਚ ਪੰਡਤਾਂ ਦੇ ਪਲਾਇਨ ਦਾ ਮੁੱਦਾ ਵੀ ਉਠਿਆ। ਜੰਮੂ-ਕਸ਼ਮੀਰ ਦੇ ਬਜਟ 'ਤੇ ਚਰਚਾ ਦਾ ਮੌਕਾ ਸੀ।

ਲੋਕ ਸਭਾ 'ਚ ਸੋਮਵਾਰ ਨੂੰ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਸਨ। ਜਦੋਂ ਮਸਲਾ ਜੰਮੂ-ਕਸ਼ਮੀਰ ਨਾਲ ਜੁੜਿਆ ਹੋਇਆ ਹੈ ਤਾਂ ਅਜਿਹਾ ਹੋਣਾ ਤੈਅ ਸੀ। ਸਦਨ 'ਚ ਜੰਮੂ-ਕਸ਼ਮੀਰ ਦੇ ਬਜਟ 'ਤੇ ਹੋਈ ਚਰਚਾ 'ਚ ਜਿੰਨੀ ਗੱਲ ਬਜਟ ਨੂੰ ਲੈ ਕੇ ਹੋਈ, ਉਸ ਤੋਂ ਵੱਧ ਓਥੇ ਅੱਤਵਾਦ ਨੂੰ ਲੈ ਕੇ ਚਰਚਾ ਹੋਈ, ਧਾਰਾ 370 ਤੇ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਨੂੰ ਲੈ ਇਕ ਜ਼ਿਆਦਾ ਚਰਚਾ ਹੋਈ।

ਭਾਜਪਾ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਕਸ਼ਮੀਰ ਘਾਟੀ ਤੋਂ ਪੰਡਤਾਂ ਦੇ ਪਲਾਇਨ ਨੂੰ ਲੈ ਕੇ ਕਾਂਗਰਸ 'ਤੇ ਹਮਲਾ ਬੋਲਿਆ, ਜਦਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਪੁੱਛਿਆ ਕਿ ਇਨ੍ਹਾਂ ਪੰਡਤਾਂ ਨੂੰ ਉੱਥੇ ਕਿਉਂ ਨਹੀਂ ਵਸਾਇਆ ਜਾ ਰਿਹਾ।

ਕਸ਼ਮੀਰ ਪੀਓਕੇ ਦਾ ਮੁੱਦਾ ਵੀ ਉਠਾਇਆ ਗਿਆ

ਚਰਚਾ ਦੌਰਾਨ ਕਈ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪੀਓਕੇ ਦਾ ਮੁੱਦਾ ਉਠਾਇਆ ਹੈ। ਬੀਜੇਡੀ ਦੇ ਭਰਤਰੁਹਰੀ ਮਹਿਤਾਬ, ਭਾਜਪਾ ਦੇ ਜਾਮਯਾਂਗ ਸ਼ੇਰਿੰਗ ਅਤੇ ਜੇਡੀਯੂ ਦੇ ਸੁਨੀਲ ਕੁਮਾਰ ਪਿੰਟੂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਰਾਜ ਦੇ ਬਜਟ ਵਿੱਚ ਪੀਓਕੇ ਲਈ ਵੀ ਪ੍ਰਤੀਕਾਤਮਕ ਵੱਖਰਾ ਬਜਟ ਬਣਾਉਣ ਦਾ ਸੁਝਾਅ ਦਿੱਤਾ।

ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਬਾਵਜੂਦ ਸੂਬੇ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਫਿਲਮ 'ਦ ਕਸ਼ਮੀਰ ਫਾਈਲਜ਼' ਵੀ ਚਰਚਾ ਦੌਰਾਨ ਵਾਰ-ਵਾਰ ਆਈ। ਕਈ ਮੈਂਬਰਾਂ ਨੇ ਦੇਸ਼ ਭਰ ਵਿੱਚ ਫਿਲਮ 'ਦ ਕਸ਼ਮੀਰ ਫਾਈਲਜ਼' ਨੂੰ ਟੈਕਸ ਮੁਕਤ ਕਰਨ ਦੀ ਮੰਗ ਵੀ ਕੀਤੀ।

 

ਦੱਸ ਦੇਈਏ ਕਿ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਇਆ ਸੀ। ਵਿਰੋਧੀ ਧਿਰ ਵੱਧਦੀ ਬੇਰੁਜ਼ਗਾਰੀ, ਕਰਮਚਾਰੀ ਭਵਿੱਖ ਨਿਧੀ 'ਤੇ ਵਿਆਜ ਦਰਾਂ ਵਿੱਚ ਕਟੌਤੀ ਅਤੇ ਜੰਗ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਸਮੇਤ ਕਈ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ।