ਨਵੀਂ ਦਿੱਲੀ: ਸੰਸਦ ਦੇ ਦੋਵਾਂ ਸਦਨਾਂ ਵਿੱਚ ਸੈਸ਼ਨ ਦੀ ਸ਼ੁਰੂਆਤ ਹੰਗਾਮੇ ਵਾਲੀ ਰਹੀ, ਜਿਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮਣੀਪੁਰ ਹਿੰਸਾ ਅਤੇ ਮਨੀਪੁਰ ਦੀਆਂ ਦੋ ਔਰਤਾਂ ਦੀ ਵੀਡੀਓ ਨੂੰ ਲੈ ਕੇ ਸਦਨ 'ਚ ਕਾਫੀ ਹੰਗਾਮਾ ਹੋਇਆ।
ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਸਦਨ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਹਿੱਤ ਵਿੱਚ ਸਦਨ ਦੀ ਕਾਰਵਾਈ ਚਲਾਉਣ ਲਈ ਕਿਹਾ ਸੀ।
ਇਸ ਦੌਰਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਦੇ ਰਵੱਈਏ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੇ ਹਨ। ਜਦੋਂ ਸਰਕਾਰ ਨੇ ਕਿਹਾ ਹੈ ਕਿ ਅਸੀਂ ਮਣੀਪੁਰ ਕਾਂਡ 'ਤੇ ਚਰਚਾ ਕਰਨ ਲਈ ਤਿਆਰ ਹਾਂ ਤਾਂ ਤੁਸੀਂ ਕਿਉਂ ਪਰੇਸ਼ਾਨ ਕਰ ਰਹੇ ਹੋ। ਇਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ਨੂੰ ਰੋਕਣਾ ਚਾਹੁੰਦੀ ਹੈ। ਸਰਕਾਰ ਚਰਚਾ ਲਈ ਤਿਆਰ ਹੈ, ਪਰ ਵਿਰੋਧੀ ਧਿਰ ਭੱਜ ਰਹੀ ਹੈ ਤਾਂ ਕਿ ਬੰਗਾਲ ਹਿੰਸਾ ਉੱਤੇ ਕੋਈ ਗੱਲ ਨਾ ਹੋਵੇ, ਛੱਤੀਸਗੜ੍ਹ ਵਿੱਚ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਬਾਰੇ ਕੋਈ ਗੱਲ ਨਾ ਹੋਵੇ।
ਮੇਰਾ ਦਿਲ ਦਰਦ ਤੇ ਗੁੱਸੇ ਨਾਲ ਭਰਿਆ ਹੋਇਆ-ਮੋਦੀ
ਜ਼ਿਕਰ ਕਰ ਦਈਏ ਕਿ ਸਦਨ ਤੋਂ ਪਹਿਲਾਂ ਪੀਐਮ ਮੋਦੀ ਨੇ ਮਣੀਪੁਰ 'ਚ ਸੜਕ 'ਤੇ ਔਰਤਾਂ ਨੂੰ ਨਗਨ ਘੁੰਮਾਉਣ ਦੇ ਮੁੱਦੇ 'ਤੇ ਕਿਹਾ, 'ਅੱਜ ਮੇਰਾ ਦਿਲ ਦਰਦ ਤੇ ਗੁੱਸੇ ਨਾਲ ਭਰਿਆ ਹੋਇਆ ਹੈ। ਮਣੀਪੁਰ ਦੀ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ, 'ਇਸ ਨਾਲ ਪੂਰੇ ਦੇਸ਼ ਦਾ ਅਪਮਾਨ ਹੋਇਆ ਹੈ। 140 ਕਰੋੜ ਭਾਰਤੀਆਂ ਨੂੰ ਸ਼ਰਮਸਾਰ ਕੀਤਾ ਗਿਆ ਹੈ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਹਿੰਦਾ ਹਾਂ। ਮਾਵਾਂ-ਭੈਣਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣ।