ਚੰਡੀਗੜ੍ਹ: ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਜਕੱਲ੍ਹ ਸੰਸਦ ਵਿੱਚ ਪੰਜਾਬ ਦੇ ਮੁੱਦੇ ਉਠਾਉਣ ਕਰਕੇ ਚਰਚਾ ਵਿੱਚ ਹਨ। ਸਭ ਤੋਂ ਅਹਿਮ ਗੱਲ ਹੈ ਕਿ ਉਨ੍ਹਾਂ ਨੇ ਸਦਨ ਦੀ ਕਾਰਵਾਈ ਮਾਂ ਬੋਲੀ ਪੰਜਾਬੀ ਵਿੱਚ ਕਰਵਾਉਣ ਦੀ ਮੰਗ ਉਠਾਈ। ਸੰਤ ਸੀਚੇਵਾਲ ਦੀ ਇਸ ਗੱਲ ਨਾਲ ਸੰਸਦ ਦੇ ਅਧਿਕਾਰੀਆਂ ਨੇ ਸਹਿਮਤੀ ਪ੍ਰਗਟਾਈ।






ਦੱਸ ਦਈਏ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਸਮੇਂ ਤਰਕ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਉਨ੍ਹਾਂ ਨੂੰ ਦਸਤਾਵੇਜ਼ ਮਾਤ ਭਾਸ਼ਾ ਵਿੱਚ ਹੀ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸੰਤ ਸੀਚੇਵਾਲ ਨੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਕਿਹਾ ਕਿ ਉਹ ਪੰਜਾਬੀ ਮਾਂ-ਬੋਲੀ ਵਿੱਚ ਸਮੱਗਰੀ ਮੁਹੱਈਆ ਕਰਵਾਉਣ ਦਾ ਫੈਸਲਾ ਲੈਣ ਜਿਵੇਂ ਕੋਈ ਉਨ੍ਹਾਂ ਦੀ ਵਿਦਾਇਗੀ ਮੌਕੇ ਕੁਝ ਨਾ ਕੁਝ ਦਿੰਦਾ ਹੈ।


ਇਸ ਮੌਕੇ ਵੈਂਕਈਆ ਨਾਇਡੂ ਨੇ ਕਿਹਾ ਕਿ ਅਦਾਲਤਾਂ, ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਮਾਤ ਭਾਸ਼ਾ ਵਿੱਚ ਸਾਹਿਤ ਪੜ੍ਹਾਇਆ ਜਾਣਾ ਚਾਹੀਦਾ ਹੈ। ਮਾਤ ਭਾਸ਼ਾ ਨੂੰ ਪਹਿਲ ਦੇਣ 'ਤੇ ਜ਼ੋਰ ਦਿੰਦੇ ਹੋਏ ਨਾਇਡੂ ਨੇ ਕਿਹਾ ਕਿ ਮਾਂ-ਬੋਲੀ ਨੂੰ ਹਮੇਸ਼ਾ ਪਹਿਲਾ ਸਥਾਨ ਦੇਣਾ ਚਾਹੀਦਾ ਹੈ ਤੇ ਹੋਰ ਭਾਸ਼ਾਵਾਂ ਬਾਅਦ 'ਚ ਸਿੱਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚਾ ਹਮੇਸ਼ਾ ਮਾਂ ਬੋਲੀ ਵਿੱਚ ਹੀ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹੈ।


ਜ਼ਿਕਰਯੋਗ ਹੈ ਕਿ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ 'ਚ ਫਸਲਾਂ ਦੇ ਹੋਏ ਨੁਕਸਾਨ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦਾ ਮੁੱਦਾ ਉਠਾਇਆ ਸੀ। ਪੰਜਾਬੀ ਵਿੱਚ ਬੋਲਦਿਆਂ ਸੰਤ ਸੀਚੇਵਾਲ ਨੇ ਸਾਰੇ ਮੈਂਬਰਾਂ ਤੇ ਖਾਸ ਕਰਕੇ ਰਾਜ ਸਭਾ ਦੇ ਚੇਅਰਮੈਨ ਵੈਕਈਆ ਨਾਇਡੂ ਦਾ ਧਿਆਨ ਆਪਣੇ ਵੱਲ ਖਿੱਚਿਆ। ਸੰਤ ਸੀਚੇਵਾਲ ਨੇ ਸੰਸਦ ਦੇ ਨੇੜੇ ਭਵਨ ਵਿੱਚ ਆਯੋਜਿਤ ਦੋ ਰੋਜ਼ਾ ਟ੍ਰੇਨਿੰਗ ਵਿੱਚ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਦੇ ਸਾਹਮਣੇ ਅੰਗਰੇਜ਼ੀ ਤੇ ਹਿੰਦੀ ਵਿੱਚ ਆਉਣ ਵਾਲੀ ਸਮੱਗਰੀ ਦਾ ਮੁੱਦਾ ਵੀ ਉਠਾਇਆ।