ਨਵੀਂ ਦਿੱਲੀ : ਦੇਸ਼ ਭਰ 'ਚ ਮਹਿੰਗਾਈ ਦੇ ਦੌਰ 'ਚ ਅੱਜ ਲੋਕਾਂ ਨੂੰ ਪੈਟਰੋਲ-ਡੀਜ਼ਲ (Petrol-Diesel) ਦੀਆਂ ਵਧਦੀਆਂ ਕੀਮਤਾਂ ਤੋਂ ਥੋੜ੍ਹੀ ਰਾਹਤ ਮਿਲੀ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ। ਇਸ ਲਈ ਅੱਜ ਸਾਰੇ ਵੱਡੇ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ 6 ਅਪ੍ਰੈਲ ਵਾਲੇ ਮੁੱਲ 'ਤੇ ਹੀ ਮਿਲੇਗਾ।



ਦੱਸ ਦੇਈਏ ਕਿ ਪਿਛਲੇ 17 ਦਿਨਾਂ ਵਿੱਚ ਅੱਜ ਤੀਜੀ ਵਾਰ ਹੈ, ਜਦੋਂ ਤੇਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਕਰੀਬ ਡੇਢ ਮਹੀਨੇ ਬਾਅਦ 22 ਮਾਰਚ ਤੋਂ ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ। ਇਸ ਦੌਰਾਨ ਰਾਜਧਾਨੀ ਦਿੱਲੀ 'ਚ ਤੇਲ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਵੱਡੀ ਯੋਜਨਾ ਬਣਾ ਰਹੀ ਹੈ।

ਕੁਝ ਦਿਨਾਂ ਤੱਕ ਨਹੀਂ ਵੱਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ?
ਸੂਤਰਾਂ ਮੁਤਾਬਕ ਕੁਝ ਦਿਨਾਂ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਵੇਗਾ। ਰਿਪੋਰਟ ਮੁਤਾਬਕ ਮਹਿੰਗੇ ਤੇਲ ਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਦੇਸ਼ ਦੀਆਂ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਹੀਂ ਆਈ ਤੇ ਜੇਕਰ ਇਹ ਲਗਾਤਾਰ ਵਧਦਾ ਰਿਹਾ ਤਾਂ ਸਰਕਾਰ ਪੈਟਰੋਲ ਤੇ ਡੀਜ਼ਲ ਦੀ ਖਰੀਦ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਕਰੇਗੀ ਤਾਂ ਜੋ ਲੋਕਾਂ ਨੂੰ ਮਹਿੰਗੇ ਈਂਧਨ ਤੋਂ ਦਿੱਤੀ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਲੱਗਣ ਵਾਲੇ ਵੈਟ 'ਚ ਕਟੌਤੀ ਕਰਨ ਲਈ ਵੀ ਕਿਹਾ ਹੈ।

ਦਿੱਲੀ 'ਚ 16 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਪੈਟਰੋਲ
ਦੱਸ ਦੇਈਏ ਕਿ 3 ਨਵੰਬਰ 2021 ਨੂੰ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀ ਖਰੀਦ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੂਬਿਆਂ ਨੇ ਵੀ ਆਪਣੇ ਪੱਧਰ 'ਤੇ ਤੇਲ ਦੀ ਖਰੀਦ 'ਤੇ ਲਗਾਏ ਜਾਣ ਵਾਲੇ ਟੈਕਸ 'ਚ ਛੋਟ ਦੇਣ ਦਾ ਐਲਾਨ ਕੀਤਾ ਸੀ। 4 ਨਵੰਬਰ 2021 ਤੋਂ ਕਰੀਬ ਸਾਢੇ ਚਾਰ ਮਹੀਨਿਆਂ ਤੋਂ ਦੇਸ਼ ਭਰ ਵਿੱਚ ਤੇਲ ਦੀਆਂ ਕੀਮਤਾਂ ਪੂਰੀ ਤਰ੍ਹਾਂ ਸਥਿਰ ਹਨ। ਇਸ ਦੌਰਾਨ ਦੇਸ਼ ਦੇ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ ਅਤੇ ਨਤੀਜੇ ਵੀ ਆਏ। ਚੋਣਾਂ ਖਤਮ ਹੋਣ ਦੇ 11 ਦਿਨ ਬਾਅਦ ਯਾਨੀ 22 ਮਾਰਚ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਤੇ ਦੇਖਦੇ ਹੀ ਦੇਖਦੇ 16 ਦਿਨਾਂ 'ਚ ਤੇਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ।