ਨਵੀਂ ਦਿੱਲੀ : ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਹੈ। ਦਿੱਲੀ ਤੇ ਮੁੰਬਈ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ ਸੈਂਕੜੇ ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਸਰਕਾਰ ਨੇ ਦੇਸ਼ ਦੀ ਸੰਸਦ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਨੂੰ ਲੈ ਕੇ ਕੁਝ ਅਜਿਹੇ ਤੱਥ ਪੇਸ਼ ਕੀਤੇ ਸਨ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਜਾਣਨਾ ਚਾਹੋਗੇ ਕਿ ਆਖਰ 2021 'ਚ ਹੁਣ ਤਕ ਕਿੰਨੀ ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।
ਇਸ ਸਾਲ 63 ਵਾਰ ਵਧੀਆਂ ਪੈਟਰੋਲ ਦੀਆਂ ਕੀਮਤਾਂ
ਪੈਟਰੋਲੀਅਮ ਮੰਤਰਾਲੇ ਵੱਲੋਂ ਲੋਕ ਸਭਾ 'ਚ ਦਿੱਤੇ ਗਏ ਲਿਖਤੀ ਜਵਾਬ ਅਨੁਸਾਰ ਇਸ ਸਾਲ ਹੁਣ ਤਕ ਪੈਟਰੋਲ ਦੀ ਕੀਮਤ 'ਚ 63 ਵਾਰ ਵਾਧਾ ਹੋਇਆ ਹੈ, ਜਦਕਿ ਸਿਰਫ਼ 4 ਵਾਰ ਕੀਮਤ ਘਟਾਈ ਗਈ। ਸਰਕਾਰ ਨੇ ਇਹ ਅੰਕੜਾ 1 ਜਨਵਰੀ ਤੋਂ 9 ਜੁਲਾਈ ਤਕ ਪੇਸ਼ ਕੀਤਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਤੇਲ ਕੰਪਨੀਆਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੈਅ ਕਰਦੀਆਂ ਹਨ। ਜੇ ਅਸੀਂ ਪੈਟਰੋਲ ਦੀ ਗੱਲ ਕਰੀਏ ਤਾਂ 123 ਦਿਨ ਅਜਿਹੇ ਰਹੇ ਹਨ, ਜਦੋਂ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਡੀਜ਼ਲ ਦੀਆਂ ਕੀਮਤਾਂ 'ਚ 61 ਦਿਨ ਹੋਇਆ ਵਾਧਾ
ਇਸੇ ਤਰ੍ਹਾਂ 61 ਦਿਨ ਅਜਿਹੇ ਰਹੇ, ਜਿਸ ਦਿਨ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ, ਜਦਕਿ ਸਿਰਫ਼ 4 ਦਿਨ ਹੀ ਕੀਮਤ ਘਟਾਈ ਗਈ। 125 ਦਿਨ ਅਜਿਹੇ ਰਹੇ ਜਦੋਂ ਡੀਜ਼ਲ ਦੀ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਜੇ ਅਸੀਂ ਪਿਛਲੇ ਤਿੰਨ ਸਾਲਾਂ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 2018-19 ਦੌਰਾਨ 148 ਵਾਰ, 2019-20 'ਚ 89 ਵਾਰ ਤੇ 2020-21 'ਚ 76 ਵਾਰ ਵਧਾਈ ਗਈ। ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ 2018-19 'ਚ 140 ਵਾਰ, 2019-20 'ਚ 79 ਵਾਰ ਤੇ 2020-21 'ਚ 73 ਵਾਰ ਵਧਾਈਆਂ ਗਈਆਂ।
ਐਕਸਾਈਜ ਡਿਊਟੀ ਤੋਂ ਹੋਈ ਬੰਪਰ ਕਮਾਈ
ਇੱਕ ਹੋਰ ਹੈਰਾਨ ਕਰਨ ਵਾਲੀ ਜਾਣਕਾਰੀ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ, ਖ਼ਾਸਕਰ ਪੈਟਰੋਲ ਤੇ ਡੀਜ਼ਲ 'ਤੇ ਲਗਾਈ ਗਈ ਐਕਸਾਈਜ ਡਿਊਟੀ ਤੋਂ ਹੋਣ ਵਾਲੀ ਆਮਦਨੀ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਜੇ ਪਿਛਲੇ ਤਿੰਨ ਸਾਲਾਂ 'ਚ ਸਰਕਾਰ ਦੀ ਕਮਾਈ ਦੀ ਤੁਲਨਾ ਕਰੀਏ ਤਾਂ ਪਿਛਲੇ ਸਾਲ (2020-21) ) 'ਚ ਜ਼ਬਰਦਸਤ ਵਾਧਾ ਹੋਇਆ ਹੈ।
ਸਾਲ 2018-19 'ਚ ਸਰਕਾਰ ਨੇ ਐਕਸਾਈਜ ਡਿਊਟੀ ਤੋਂ 2,35,301 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ 'ਚੋਂ 2,13,000 ਕਰੋੜ ਰੁਪਏ ਸਿਰਫ਼ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਤੋਂ ਆਏ ਸਨ। ਇਸ ਦੇ ਨਾਲ ਹੀ 2019-20 'ਚ 1,97,845 ਕਰੋੜ ਰੁਪਏ ਦੀ ਆਮਦਨੀ ਹੋਈ ਸੀ। 2020-21 'ਚ ਸਰਕਾਰ ਦੀ ਆਮਦਨੀ 'ਚ ਜ਼ਬਰਦਸਤ ਵਾਧਾ ਹੋਇਆ ਸੀ ਅਤੇ ਇਹ 3,44,746 ਕਰੋੜ ਰੁਪਏ ਹੋ ਗਈ। ਇਸ ਦੌਰਾਨ ਤਕਰੀਬਨ 3,34,000 ਕਰੋੜ ਰੁਪਏ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ ਡਿਊਟੀ ਤੋਂ ਆਏ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ