ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ (Congress leader Rahul Gandhi) ਨੇ ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਦੇਸ਼ ’ਚ ਅੱਠ ਚੀਤੇ ਤਾਂ ਆ ਗਏ ਪਰ ਹੁਣ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਿਛਲੇ ਅੱਠ ਸਾਲਾਂ ’ਚ 16 ਕਰੋੜ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਗਈਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਹੈਸ਼ਟੈਗ ‘ਰਾਸ਼ਟਰੀ ਬੇਰੁਜ਼ਗਾਰ ਦਿਵਸ’ ਦੀ ਵਰਤੋਂ ਕਰਦਿਆਂ ਟਵੀਟ ਕੀਤਾ,‘‘ਯੁਵਾਓਂ ਕੀ ਹੈ ਲਲਕਾਰ, ਲੇ ਕਰ ਰਹੇਂਗੇ ਰੁਜ਼ਗਾਰ।’’ 



ਕਾਂਗਰਸ ਨੇ ਦਾਅਵਾ ਕੀਤਾ ਕਿ ਦੇਸ਼ ’ਚ ਰੁਜ਼ਗਾਰ ਦੇ ਚਿੰਤਾਜਨਕ ਹਾਲਾਤ ਕਾਰਨ ਨੌਜਵਾਨ ਪ੍ਰਧਾਨ ਮੰਤਰੀ ਦਾ ਜਨਮ ਦਿਨ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾ ਰਹੇ ਹਨ। ਕਾਂਗਰਸ ਮੁਤਾਬਕ ਮੋਦੀ ਨੇ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਪਿਛਲੇ ਅੱਠ ਸਾਲਾਂ ਦੌਰਾਨ ਸਰਕਾਰ ਨੇ ਸਿਰਫ਼ ਸੱਤ ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਹੈ। 



ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਆਪਣੇ 72ਵੇਂ ਜਨਮ ਦਿਵਸ ਮੌਕੇ ਨਾਮੀਬੀਆ ਤੋਂ ਲਿਆਂਦੇ 8 ਚੀਤਿਆਂ (ਪੰਜ ਮਾਦਾ ਤੇ ਤਿੰਨ ਨਰ) ’ਚੋਂ ਤਿੰਨ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ਦੇ ਵਿਸ਼ੇਸ਼ ਵਾੜੇ ’ਚ ਛੱਡਿਆ। 


ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤ ਦਹਾਕੇ ਪਹਿਲਾਂ ਅਲੋਪ ਹੋਣ ਤੋਂ ਬਾਅਦ ਦੇਸ਼ ’ਚ ਚੀਤਿਆਂ ਦੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਕੋਈ ਉਸਾਰੂ ਕੋਸ਼ਿਸ਼ਾਂ ਨਹੀਂ ਕੀਤੀ ਗਈਆਂ। ਮੋਦੀ ਨੇ ਕਿਹਾ ਕਿ ਪ੍ਰਾਜੈਕਟ ਚੀਤਾ ਤਹਿਤ ਉਨ੍ਹਾਂ ਦੀ ਸਰਕਾਰ ਨੇ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਹੈ।


 


ਨੈਸ਼ਨਲ ਪਾਰਕ 'ਚ ਨਾਮੀਬੀਆ ਤੋਂ ਲਿਆਂਦੇ  8 ਚੀਤੇ ਛੱਡੇ