ਨਵੀਂ ਦਿੱਲੀ: ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 40 ਤਕ ਅੱਪੜ ਗਈ। ਇਸ ਖਤਰਨਾਕ ਹਮਲੇ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਇਹ ਬਹੁਤ ਵੱਡਾ ਗਲਤੀ ਕਰ ਦਿੱਤੀ ਜਿਸ ਦਾ ਖਮਿਆਜ਼ਾ ਭਗਤਣਾ ਪਏਗਾ। ਉਨ੍ਹਾਂ ਕਿਹਾ ਕਿ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।


ਭਾਰਤ ਨੇ ਪਾਕਿਸਤਾਨ ਨੂੰ ਕਾਰੋਬਾਰੀ ਤਰਜੀਹ ਵਾਲੇ ਸਾਰੇ ਹੱਕ ਖੋਹ ਲਏ ਹਨ। ਹਾਲਾਂਕਿ, ਅੱਜ ਜ਼ਿਆਦਾਤਰ ਸਿਆਸੀ ਸਮਾਗਮ ਰੱਦ ਕਰ ਦਿੱਤੇ ਗਏ ਪਰ ਮੋਦੀ ਨੇ ਦੇਸ਼ ਦੀ ਹੁਣ ਤਕ ਦੀ ਸਭ ਤੋਂ ਤੇਜ਼ ਟਰੇਨ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।


ਅੱਜ ਮੋਦੀ ਨੇ ਕਿਹਾ ਕਿ ਇਸ ਹਮਲੇ ਕਾਰਨ ਦੇਸ਼ ਵਿੱਚ ਫੈਲੇ ਰੋਸ ਤੇ ਲੋਕਾਂ ਦੇ ਖੌਲ ਰਹੇ ਖ਼ੂਨ ਆਦਿ ਭਾਵਨਾਵਾਂ ਨੂੰ ਉਹ ਸਮਝਦੇ ਹਨ। ਇਸ ਸਮੇਂ ਜੋ ਦੇਸ਼ ਵਿੱਚ ਕਰ ਗੁਜ਼ਰਨ ਦੀਆਂ ਭਾਵਨਾਵਾਂ ਹਨ, ਉਹ ਸੁਭਾਵਿਕ ਹਨ ਤੇ ਅਸੀਂ ਆਪਣੀਆਂ ਸੁਰੱਖਿਆ ਫੋਰਸਾਂ ਨੂੰ ਪੂਰਨ ਤੌਰ 'ਤੇ ਸੁਤੰਤਰ ਕਰ ਦਿੱਤਾ ਹੈ। ਮੋਦੀ ਨੇ ਲੋਕਾਂ ਤੋਂ ਸਹੀ ਜਾਣਕਾਰੀ ਸਾਂਝੇ ਕੀਤੇ ਜਾਣ ਬਾਰੇ ਸਹਿਯੋਗ ਵੀ ਮੰਗਿਆ ਤਾਂ ਜੋ ਅੱਤਵਾਦ ਖ਼ਿਲਾਫ਼ ਜਾਰੀ ਲੜਾਈ ਤੇਜ਼ ਤੇ ਸਫ਼ਲ ਹੋ ਸਕੇ।

ਇਹ ਵੀ ਪੜ੍ਹੋ- ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ

ਉੱਧਰ, ਹਮਲੇ ਮਗਰੋਂ ਵਿਰੋਧੀਆਂ ਵੱਲੋਂ ਸਰਕਾਰ 'ਤੇ ਲਾਏ ਜਾ ਰਹੇ ਨਿਸ਼ਾਨਿਆਂ 'ਤੇ ਵੀ ਮੋਦੀ ਨੇ ਕਿਹਾ ਕਿ ਜੋ ਅਲੋਚਨਾ ਕਰ ਰਹੇ ਹਨ, ਉਨ੍ਹਾਂ ਦਾ ਉਹ ਸਤਿਕਾਰ ਕਰਦੇ ਹਨ। ਪਰ ਉਹ ਸਾਰਿਆਂ ਨੂੰ ਬੇਨਤੀ ਕਰਦੇ ਹਨ ਕਿ ਇਸ ਸੰਵੇਦਨਸ਼ੀਲ ਤੇ ਭਾਵੁਕ ਸਮੇਂ ਵਿੱਚ ਇੱਕਜੁੱਟ ਹੋ ਕੇ ਮੁਕਾਬਲਾ ਕੀਤਾ ਜਾਵੇ। ਇਸ ਹਮਲੇ ਦੀ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਨੇ ਵੀ ਨਿੰਦਾ ਕੀਤੀ ਹੈ।