PM Modi's Meeting on Corona: ਦੇਸ਼ ਦਾ ਕੋਰੋਨਾ ਦਾ ਜਾਨਲੇਵਾ ਪ੍ਰਕੋਪ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। 24 ਘੰਟਿਆਂ ਦਰਮਿਆਨ ਦੇਸ਼ ‘ਚ 1 ਲੱਖ 59 ਹਜ਼ਾਰ ਦੇ ਕਰੀਬ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਉੱਥੇ ਹੀ ਇੱਕ ਦਿਨ ‘ਚ 327 ਹੋਰ ਲੋਕਾਂ ਨੇ ਕੋਰੋਨਾ ਕਾਰਨ ਜਾਨ ਗਵਾ ਦਿੱਤੀ ਹੈ। ਵਧਦੇ ਕੋਰੋਨਾ ਖਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਵੱਲੋਂ ਅੱਜ ਸ਼ਾਮ 4.30 ਵਜੇ ਸਮੀਖਿਆ ਬੈਠਕ ਬੁਲਾਈ ਗਈ ਹੈ। ਸੂਤਰਾਂ ਮੁਤਾਬਕ ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ (Mansukh Mandaviya) ਵੀ ਮੌਜੂਦ ਰਹਿਣਗੇ।

ਕੌਣ-ਕੌਣ ਬੈਠਕ ‘ਚ ਹੋਵੇਗਾ ਸ਼ਾਮਲ ?
ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਬੈਠਕ ‘ਚ ਪੀਐਮ ਮੋਦੀ ਦੇਸ਼ ਦੇ ਕੋਰੋਨਾ ਹਾਲਾਤਾਂ ਦੀ ਮੰਤਰੀਆਂ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਣਗੇ ਨਾਲ ਹੀ ਕੋਰੋਨਾ ਟੀਕਾਕਰਣ ‘ਤੇ ਵੀ ਚਰਚਾ ਹੋਵੇਗੀ। ਇਸ ਬੈਠਕ ‘ਚ ਅਮਿਤ ਸ਼ਾਹ ਤੇ ਮਨਸੁਖ ਮਾਂਡਵੀਆ ਤੋਂ ਇਲਾਵਾ ਕੈਬਨਿਟ ਸਕੱਤਰ ਰਾਜੀਵ ਗਾਬਾ, ਗ੍ਰਹਿ ਸਕੱਤਰ ਅਜੇ ਭੱਲਾ, ਸਿਹਤ ਸਕੱਤਰ ਰਾਜੇਸ਼ ਭੂਸ਼ਣ, ਆਈਸੀਐਮਆਰ ਦੇ ਡੀਜੀ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।

5 ਦਿਨਾਂ ‘ਚ ਵੱਧ ਚੁੱਕੇ 1 ਲੱਖ ਕੇਸ
ਦੱਸ ਦਈਏ ਕਿ ਦੇਸ਼ -ਦੁਨੀਆ ‘ਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਤੇ ਪੌਜ਼ੇਟੀਵਿਟੀ ਰੇਟ ਵੀ 10 ਫੀਸਦੀ ਹੋ ਚੁੱਕਿਆ ਹੈ। 5 ਦਿਨਾਂ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ‘ਚ 1 ਲੱਖ ਦਾ ਇਜ਼ਾਫਾ ਹੋਇਆ ਹੈ। ਇਸੇ ਨੂੰ ਦੇਖਦੇ ਹੋਏ ਜਿੱਥੇ ਬੀਤੇ ਦਿਨ ਪ੍ਰਧਾਨ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ ਸੀ ਉੱਥੇ ਹੀ ਅੱਜ ਸਖਤੀ ਕਰਨ ਦੇ ਆਦੇਸ਼ ਵੀ ਦਿੱਤੇ ਜਾ ਸਕਦੇ ਹਨ। ਕੋਰੋਨਾ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਨਵੀਆਂ ਗਾਈਡਲਾਈਨਜ਼ ਵੀ ਜਾਰੀ ਹੋ ਸਕਦੀਆਂ ਹਨ।

ਇੱਕੋ ਦਿਨ 1 ਲੱਖ 59 ਹਜ਼ਾਰ ਤੋਂ ਵੱਧ ਨਵੇਂ ਕੇਸ
ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 327 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 3623 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 5 ਲੱਖ 90 ਹਜ਼ਾਰ 611 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 790 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 40 ਹਜ਼ਾਰ 863 ਲੋਕ ਠੀਕ ਹੋਏ ਸਨ। ਇਸ ਤੋਂ ਬਾਅਦ ਹੁਣ ਤੱਕ 3 ਕਰੋੜ 44 ਲੱਖ 53 ਹਜ਼ਾਰ 603 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490