ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇਰ ਰਾਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੇ। ਪ੍ਰਧਾਨਮੰਤਰੀ ਇਥੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਲ ਸਾਊਦ ਨਾਲ ਦੁਵੱਲੀ ਬੈਠਕ ਕਰਨਗੇ। ਇਸ ਸਮੇਂ ਦੌਰਾਨ ਭਾਰਤ ਅਤੇ ਸਾਊਦੀ ਅਰਬ ਦੇ ਵਿਚਕਾਰ ਕਈ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣਗੇ। ਪੀਐਮ ਮੋਦੀ ਸਾਊਦੀ ਅਰਬ ਨਾਲ ਭਾਰਤ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦੇ ਰਹੇ ਹਨ।
ਸਾਊਦੀ ਅਰਬ ਦੇ ਨਾਲ ਤੇਲ ਦੀ ਦਰਾਮਦ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਕੱਚੇ ਤੇਲ ਦਾ ਕਰੀਬ 18 ਪ੍ਰਤੀਸ਼ਤ ਸਾਊਦੀ ਅਰਬ ਤੋਂ ਦਰਾਮਦ ਕਰਦਾ ਹੈ। ਅਸੀਂ ਹੁਣ ਇਕ ਨੇੜਲੀ ਰਣਨੀਤਕ ਭਾਈਵਾਲੀ ਵੱਲ ਵਧ ਰਹੇ ਹਾਂ ਜਿਸ ਵਿਚ ਡਾਊਨਸਟ੍ਰੀਮ ਤੇਲ ਤੇ ਗੈਸ ਪ੍ਰਾਜੈਕਟਾਂ ਵਿੱਚ ਸਾਊਦੀ ਨਿਵੇਸ਼ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਤੇਲ ਦੀਆਂ ਸਥਿਰ ਕੀਮਤਾਂ ਵਿਸ਼ਵਵਿਆਪੀ ਅਰਥਚਾਰੇ ਦੇ ਵਿਕਾਸ ਲਈ ਮਹੱਤਵਪੂਰਨ ਹਨ, ਖ਼ਾਸਕਰ ਵਿਕਾਸਸ਼ੀਲ ਦੇਸ਼ਾਂ ਲਈ। ਸਾਊਦੀ ਅਰਾਮਕੋ ਭਾਰਤ ਦੇ ਪੱਛਮੀ ਤੱਟ 'ਤੇ ਇੱਕ ਵਿਸ਼ਾਲ ਰਿਫਾਇਨਰੀ ਤੇ ਪੈਟਰੋ ਕੈਮੀਕਲ ਪ੍ਰਾਜੈਕਟ ਵਿੱਚ ਹਿੱਸਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਪੈਟਰੋਲੀਅਮ ਭੰਡਾਰਾਂ ਵਿੱਚ ਅਰਮਕੋ ਦੀ ਭਾਗੀਦਾਰੀ ਦੇ ਲਈ ਵੀ ਉਤਸੁਕ ਹਾਂ।
ਦੱਸ ਦੇਈਏ ਸਾਊਦੀ ਅਰਬ ਭਾਰਤ ਦੀ ਊਰਜਾ ਲੋੜਾਂ ਦੀ ਪੂਰਤੀ ਲਈ ਸਭ ਤੋਂ ਵੱਡਾ ਤੇ ਭਰੋਸੇਮੰਦ ਸਪਲਾਇਰ ਰਿਹਾ ਹੈ। ਤੇਲ ਕੰਪਨੀ ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਮੁਨਾਫੇ ਵਾਲੀ ਕੰਪਨੀ ਹੈ।