ਕੈਥਲ: ਪੁਲਿਸ ਲਾਈਨ 'ਚ ਤਾਇਨਾਤ ਇੰਸਪੈਕਟਰ ਨੇ ਆਪਣੀ ਸਰਕਾਰੀ ਰਿਵਾਲਵਰ ਨਾਲ ਆਪਣੇ ਦੋ ਪੁੱਤਰਾਂ ਨੂੰ ਗੋਲ਼ੀ ਮਾਰ ਦਿੱਤੀ। ਇਸ ਦੌਰਾਨ ਇੱਕ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਬੀਤੀ ਦੇਰ ਰਾਤ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਇੰਸਪੈਕਟਰ ਸਤਵੀਰ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖ਼ਮੀ ਪੁੱਤਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ।


ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤਕਰੀਬਨ 12 ਵਜੇ ਇੰਸਪੈਕਟਰ ਸਤਵੀਰ ਦੀ ਆਪਣੇ ਪੁੱਤਰਾਂ ਨਾਲ ਕਿਸੇ ਗੱਲੋਂ ਬਹਿਸਬਾਜ਼ੀ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਇੰਸਪੈਕਟਰ ਨੇ ਆਪਣੀ ਸਰਕਾਰੀ ਬੰਦੂਕ ਕੱਢੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਦੇਖ ਦੋਵਾਂ ਪੁੱਤਰਾਂ ਦੀਆਂ ਪਤਨੀਆਂ ਬਚਾਅ ਕਰਨ ਆਈਆਂ ਪਰ ਛੱਤ ਤੋਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈਆਂ।


ਥਾਣਾ ਸਿਵਲ ਲਾਈਨਜ਼ ਦੇ ਇੰਚਾਰਜ ਪ੍ਰਹਿਲਾਦ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ। ਮੁਲਜ਼ਮ ਸਤਵੀਰ ਪੁਲਿਸ ਕੁਆਰਟਰ ਵਿੱਚ ਰਹਿੰਦਾ ਹੈ। ਪੁਲਿਸ ਨੂੰ ਘਟਨਾ ਘਰੇਲੂ ਵਾਦ ਵਿਵਾਦ ਦਾ ਹੀ ਜਾਪਦਾ ਹੈ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।