ਨਵੀਂ ਦਿੱਲੀ: ਮੋਦੀ ਸਰਕਾਰ ਜਲਦੀ ਹੀ ਚਿੱਪ ਵਾਲੇ ਪਾਸਪੋਰਟ ਲੈ ਕੇ ਆ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਪ੍ਰਵਾਸੀ ਭਾਰਤੀ ਸਮੇਲਨ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਪੀਐਮ ਨੇ ਕਿਹਾ ਕਿ ਤੁਹਾਡੀ ਸੋਸ਼ਲ ਸਿਕਿਉਰਟੀ ਦੇ ਨਾਲ-ਨਾਲ ਪਾਸਪੋਰਟ, ਵੀਜ਼ਾ, ਪੀਆਈਓ ਤੇ ਓਸੀਆਈ ਨੂੰ ਲੈ ਕੇ ਤਮਾਮ ਪ੍ਰਕਿਰੀਆਵਾਂ ਨੂੰ ਸਰਕਾਰ ਆਸਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਵਾਸੀ ਭਾਰਤੀਆਂ ਲਈ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ, “ਦੁਨੀਆ ਦੇ ਸਾਰੇ ਦੂਤਾਵਾਸ ਤੇ ਕੌਂਸਲੇਟ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਸਭ ਲਈ ਪਾਸਪੋਰਟ ਸੇਵਾ ਨਾਲ ਜੁੜਿਆ ਇੱਕ ਸਿਸਟਮ ਤਿਆਰ ਹੋ ਜਾਵੇਗਾ। ਹੁਣ ਤਾਂ ਇੱਕ ਕਦਮ ਅੱਗੇ ਵਧਦੇ ਹੋਏ ਚਿੱਪ ਬੇਸਡ ਈ-ਪਾਸਪੋਰਟ ਜਾਰੀ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਹਾੜੇ ਮੌਕੇ ਕਿਹਾ ਕਿ ਮੈਂ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਦੇਖਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਭਾਰਤੀ ਮੂਲ ਦੇ ਲੋਕ ਮੌਰਸ਼ੀਅਸ, ਪੁਰਤਗਾਲ ਤੇ ਆਈਰਲੈਂਡ ਜਿਹੇ ਦੇਸ਼ਾਂ ਦੀ ਨੁਮਾਇੰਦਗੀ ਕਰ ਰਹੇ ਹਨ।