ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੇ ਡੇਢ ਸਾਲ ਵਿੱਚ 10 ਲੱਖ ਨੌਕਰੀਆਂ ਦੇਣ ਦੇ ਐਲਾਨ 'ਤੇ ਕਾਂਗਰਸ ਨੇ ਤਿੱਖਾ ਵਾਰ ਕੀਤਾ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ- ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਸ ਦੇਸ਼ ਵਿੱਚ ਲੋਕਤੰਤਰ ਨੂੰ ਲਤਾੜਿਆ ਗਿਆ ਹੈ। ਬੇਰੋਜ਼ਗਾਰੀ ਇਤਿਹਾਸਕ ਪੱਧਰ 'ਤੇ ਵਧੀ ਹੈ। ਪੀਐਮ ਕਦੋਂ ਤੱਕ ਟਵਿੱਟਰ ਟਵਿੱਟਰ ਕਰਦੇ ਰਹਿਣਗੇ?


ਇਸ ਦੇ ਨਾਲ ਹੀ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ- “ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, 8 ਸਾਲਾਂ ਵਿੱਚ 16 ਕਰੋੜ ਨੌਕਰੀਆਂ ਦੇਣੀਆਂ ਸਨ। ਹੁਣ ਉਹ ਕਹਿ ਰਹੇ ਹਨ ਕਿ 2024 ਤੱਕ ਸਿਰਫ਼ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਵਿਭਾਗਾਂ ਵਿੱਚ 60 ਲੱਖ ਅਸਾਮੀਆਂ ਖਾਲੀ ਹਨ, ਕੇਂਦਰ ਸਰਕਾਰ ਵਿੱਚ 30 ਲੱਖ ਅਸਾਮੀਆਂ ਖਾਲੀ ਹਨ। ਜ਼ਮਲੇਬਾਜ਼ੀ ਕਦੋਂ ਤੱਕ? 

ਦੱਸ ਦਈਏ ਕਿ ਮੋਦੀ ਸਰਕਾਰ ਲੋਕਾਂ ਨੂੰ ਨੌਕਰੀਆਂ ਦੇਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਹ ਗੱਲ ਸਰਕਾਰ ਨੇ ਖੁਦ ਦੱਸੀ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਅਗਲੇ ਡੇਢ ਸਾਲ ਵਿੱਚ ਮੋਦੀ ਸਰਕਾਰ 10 ਲੱਖ ਨੌਕਰੀਆਂ ਦੇਵੇਗੀ।


ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਪੀਐਮਓ ਦੀ ਤਰਫੋਂ ਨੌਕਰੀ ਦੇ ਐਲਾਨ 'ਤੇ ਟਵੀਟ ਕਰਦੇ ਹੋਏ ਇਸ ਨੂੰ ਸਵੈ-ਨਿਰਭਰ ਭਾਰਤ ਬਣਨ ਵੱਲ ਇੱਕ ਹੋਰ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਮੇਂ ਦੇ ਨਾਲ ਸਰਕਾਰ ਨੂੰ ਹੋਰ ਜ਼ਿੰਮੇਵਾਰ ਬਣਾ ਦਿੱਤਾ ਹੈ ਤੇ ਸਰਕਾਰ ਦਾ ਧਿਆਨ ਹੁਣ ਲੋਕਾਂ ਵੱਲ ਹੋ ਗਿਆ ਹੈ।