ਨਵੀਂ ਦਿੱਲੀ: ਅੱਜ ਪੁਲਵਾਮਾ ਹਮਲੇ (Pulwama Attack) ਦੀ ਦੂਜੀ ਬਰਸੀ ਹੈ। ਇਸ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੇਂਦਰ ਸਰਕਾਰ ਤੋਂ ਕੁਝ ਸੁਆਲ ਵੀ ਪੁੱਛੇ ਹਨ। ਉਨ੍ਹਾਂ ਪੁੱਛਿਆ ਹੈ ਕਿ ਜਿੱਥੇ ਕੋਈ ਪੰਛੀ ਵੀ ਆਪਣੇ ਖੰਭ ਨਹੀਂ ਫੈਲਾ ਸਕਦਾ, ਉੱਥੇ 300 ਕਿਲੋਗ੍ਰਾਮ RDX ਕਿਵੇਂ ਪੁੱਜਾ?

 

ਭੂਪੇਸ਼ ਬਘੇਲ ਨੇ ਟਵਿਟਰ ’ਤੇ ਸੁਆਲ ਕਰਦਿਆਂ ਇਹ ਵੀ ਕਿਹਾ ਹੈ ਕਿ ਆਖ਼ਰ ਕੌਣ ਸੀ ਉਸ ਸਾਜ਼ਿਸ਼ ਪਿੱਛੇ? ਪੁਲਿਵਾਮਾ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ਼ ਦੇ 40 ਬਹਾਦਰ ਜਵਾਨਾਂ ਨੂੰ ਕੋਟਿ-ਕੋਟਿ ਨਮਨ। ਰਾਸ਼ਟਰ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ।


 





ਦੋ ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਵ 14 ਫ਼ਰਵਰੀ, 2019 ਨੂੰ ਕਸ਼ਮੀਰ ਦੇ ਪੁਲਵਾਮਾ ’ਚ ਜੈਸ਼-ਏ-ਮੁਹੰਮਦ ਦੇ ਇੱਕ ਫ਼ਿਦਾਈਨ ਅੱਤਵਾਦੀ ਨੇ ਸੀਆਰਪੀਐੱਫ਼ ਦੀਆਂ ਗੱਡੀਆਂ ਦੇ ਕਾਫ਼ਲੇ ਉੱਤੇ ਹਮਲਾ ਕੀਤਾ ਸੀ। ਇਹ ਹਮਲਾ ਪਾਕਿਸਤਾਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਸੀ। ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਅਲ-ਕਾਇਦਾ, ਤਾਲਿਬਾਨ ਤੇ ਹੱਕਾਨੀ ਦੇ ਅਫ਼ਗਾਨਿਸਤਾਨ ’ਚ ਸਥਿਤ ਇੱਕ ਸਿਖਲਾਈ ਕੈਂਪ ਵਿੱਚ ਹਥਿਆਰ ਤੇ ਗੋਲੀ-ਸਿੱਕਾ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ।

 

ਉਸ ‘ਮੰਦਭਾਗੇ ਦਿਨ’ ਸ੍ਰੀਨਗਰ ’ਚ ਡਿਊਟੀ ਉੱਤੇ ਪਰਤ ਰਹੇ ਸੀਅਰਪੀਐਫ਼ ਦੀ 76ਵੀਂ ਬਟਾਲੀਅਨ ਦੇ 2,500 ਤੋਂ ਵੀ ਵੱਧ ਜਵਾਨਾਂ ਲਈ ਜੰਮੂ ਤੋਂ ਤੜਕੇ 2:33 ਵਜੇ ਬੱਸ ਲੈਣਾ ਇੱਕ ਯਾਦਗਾਰੀ ਅਨੁਭਵ ਸੀ ਪਰ ਉਹ ਕੁਝ ਹੀ ਘੰਟਿਆਂ ਬਾਅਦ ਸਭ ਤੋਂ ਦੁਖਦਾਈ ਘਟਨਾ ਵਿੱਚ ਤਬਦੀਲ ਹੋ ਗਿਆ।

 

ਸ੍ਰੀਨਗਰ ਤੋਂ 27 ਕਿਲੋਮੀਟਰ ਪਹਿਲਾਂ ਲੇਥਪੁਰਾ ’ਚ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਇੱਕ ਕਾਰ ਨੇ ਪੰਜਵੀਂ ਬੱਸ ਦੇ ਖੱਬੇ ਪਾਸੇ ਟੱਕਰ ਮਾਰ ਦਿੱਤੀ। ਉਸ ਬੱਸ ਦੇ ਪਰਖੱਚੇ ਉੱਡ ਗਏ ਤੇ ਦੂਜੀ ਬੱਸ ਨੂੰ ਵੀ ਨੁਕਸਾਨ ਪੁੱਜਾ। ਉਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਸੀ।