Rahul Gandhi In Mhow : ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਵਿੱਚ ਹੈ। ਮੱਧ ਪ੍ਰਦੇਸ਼ ਵਿੱਚ ਸੰਵਿਧਾਨ ਦੇ ਲੇਖਕ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਸਥਾਨ ਵੀ ਹੈ। ਇੰਦੌਰ ਨੇੜੇ ਮਹੂ ਪਹੁੰਚੇ ਰਾਹੁਲ ਗਾਂਧੀ ਦਾ ਇੱਥੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰਾਹੁਲ ਨੇ ਮਹੂ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਅਤੇ ਇੱਕ ਵਾਰ ਫਿਰ ਉਨ੍ਹਾਂ ਦੇ ਨਿਸ਼ਾਨੇ 'ਤੇ    ਆਰਐਸਐਸ ਅਤੇ ਬੀਜੇਪੀ ਰਹੀ।



ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਹੋਰ ਪਾਰਟੀ ਦੇ ਵਰਕਰ 3500 ਕਿਲੋਮੀਟਰ ਤੱਕ ਨਹੀਂ ਚੱਲ ਸਕਦੇ। ਭਾਜਪਾ ਅਤੇ ਆਰਐਸਐਸ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੁਝ ਲੋਕ ਸੰਵਿਧਾਨ ਨੂੰ ਢਾਹ ਲਾਉਣ ’ਤੇ ਲੱਗੇ ਹੋਏ ਹਨ। ਸੰਵਿਧਾਨ ਨੇ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ ਦਿੱਤੇ ਹਨ। ਰਾਹੁਲ ਨੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਦੇ ਲੋਕ ਇਸ ਸੰਵਿਧਾਨ ਨੂੰ ਖ਼ਤਮ ਨਹੀਂ ਕਰ ਸਕਦੇ। ਆਰਐਸਐਸ ਸੰਵਿਧਾਨ ਦੀ ਸ਼ਕਤੀ ਨੂੰ ਖਤਮ ਕਰਨਾ ਚਾਹੁੰਦੀ ਹੈ।

ਮੇਰੇ ਦਿਲ ਵਿੱਚ ਡਰ ਨਹੀਂ - ਰਾਹੁਲ ਗਾਂਧੀ

ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਦਾਦੀ ਨੂੰ 32 ਗੋਲੀਆਂ ਮਾਰੀਆਂ ਗਈਆਂ, ਪਿਤਾ ਨੂੰ ਬੰਬ ਨਾਲ ਉਡਾ ਦਿੱਤਾ ਗਿਆ। ਐਨੀ ਹਿੰਸਾ ਤੋਂ ਬਾਅਦ ਵੀ ਦਿਲ ਵਿਚ ਡਰ ਨਹੀਂ ਹੈ ਅਤੇ ਇਸ ਲਈ ਨਫ਼ਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਦਿਲ ਵਿੱਚ ਆਰਐਸਐਸ, ਮੋਦੀ, ਅਮਿਤ ਸ਼ਾਹ ਲਈ ਕੋਈ ਨਫ਼ਰਤ ਨਹੀਂ ਹੈ। RSS ਵਾਲਿਓ ਡਰ ਮਿਟਾ ਦਿਓ , ਤੁਹਾਡਾ ਡਰ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਰਾਹੁਲ ਨੇ ਕਿਹਾ, ਜੋ ਪਿਆਰ ਕਰਦੇ ਹਨ ਉਹ ਡਰਦੇ ਨਹੀਂ ਅਤੇ ਜੋ ਡਰਦੇ ਹਨ ,ਉਹ ਪਿਆਰ ਨਹੀਂ ਕਰਦੇ।

'ਮਹੂ... ਅੰਬੇਡਕਰ, ਸੰਵਿਧਾਨ ਅਤੇ ਤਿਰੰਗੇ ਦੀ ਧਰਤੀ'

ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਅਸੀਂ ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਇਸ ਯਾਤਰਾ ਨੂੰ ਸਿਰਫ਼ ਇੱਕ ਥਾਂ 'ਤੇ ਮੋੜਿਆ ਗਿਆ ਹੈ, ਮਹੂ ਵਿੱਚ ਕਿਉਂਕਿ ਇਹ ਅੰਬੇਡਕਰ ਜੀ ਦੀ ਧਰਤੀ ਹੈ। ਮਹੂ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਅੰਬੇਡਕਰ, ਸੰਵਿਧਾਨ ਅਤੇ ਤਿਰੰਗੇ ਦੀ ਧਰਤੀ ਹੈ। ਤਿਰੰਗਾ ਸੰਵਿਧਾਨ ਦੀ ਸ਼ਕਤੀ ਦਾ ਪ੍ਰਤੀਕ ਹੈ ਪਰ ਦੇਸ਼ ਦੇ ਇੱਕ ਸੰਗਠਨ (ਆਰ.ਐਸ.ਐਸ.) ਨੇ 52 ਸਾਲਾਂ ਤੱਕ ਆਪਣੇ ਦਫ਼ਤਰ 'ਤੇ ਤਿਰੰਗਾ ਨਹੀਂ ਲਗਾਇਆ। ਭਾਰਤ ਦੇ ਪੰਜ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੰਵਿਧਾਨ ਨੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ।

ਨੋਟਬੰਦੀ ਅਤੇ ਕੋਰੋਨਾ ਨੂੰ ਲੈ ਕੇ ਸਰਕਾਰ 'ਤੇ ਹਮਲਾ

ਰਾਹੁਲ ਨੇ ਕਿਹਾ, ਨੋਟਬੰਦੀ ਅਤੇ ਕੋਰੋਨਾ (ਲਾਕਡਾਊਨ) ਦੌਰਾਨ ਜੋ ਕੁਝ ਹੋਇਆ, ਉਸ ਪਿੱਛੇ ਦੇਸ਼ ਦੇ ਤਿੰਨ ਤੋਂ ਚਾਰ ਅਰਬਪਤੀਆਂ ਦੀ ਤਾਕਤ ਹੈ। ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਲੋਕਾਂ ਨੂੰ ਪੁੱਛਿਆ, ਯੂਪੀਏ ਦੇ ਸਮੇਂ ਸਿਲੰਡਰ 400 ਦਾ, ਪੈਟਰੋਲ 60 ਦਾ, ਡੀਜ਼ਲ 55 ਦਾ ਸੀ, ਹੁਣ ਕੀ ਹੈ ਕੀਮਤ ! ਬੇਰੋਜ਼ਗਾਰੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਨੇ ਕਿਹਾ ਕਿ ਸਰਕਾਰ ਦੀ ਨੀਤੀ ਹੈ ਕਿ ਇੰਜੀਨੀਅਰਿੰਗ ਕਰੋ ਅਤੇ ਮਜ਼ਦੂਰ ਬਣੋ, ਚਾਰ ਸਾਲ ਫੌਜ 'ਚ ਜਾਓ ਅਤੇ ਫਿਰ ਮਜ਼ਦੂਰ ਬਣੋ ! ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ, ਜੀਐਸਟੀ ਅਤੇ ਨਿੱਜੀਕਰਨ ਗਰੀਬਾਂ ਨੂੰ ਤਬਾਹ ਕਰਨ ਦੇ ਹਥਿਆਰ ਹਨ।