Rahul Gandhi Drove The Tractor: ਕਾਂਗਰਸੀ ਲੀਡਰ ਰਾਹੁਲ ਗਾਂਧੀ ਅੱਜਕੱਲ੍ਹ ਚਰਚਾ ਵਿੱਚ ਹਨ। ਉਨ੍ਹਾਂ ਦਾ ਵਿਲੱਖਣ ਅੰਦਾਜ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸ਼ਨੀਵਾਰ ਨੂੰ ਰਾਹੁਲ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਮਦੀਨਾ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨਾਲ ਸਮਾਂ ਬਿਤਾਇਆ। 



ਹਰਿਆਣਾ ਕਾਂਗਰਸ ਦੇ ਆਗੂ ਨੇ ਦੱਸਿਆ ਕਿ ਰਾਹੁਲ ਨੇ ਇਸ ਦੌਰਾਨ ਖੇਤਾਂ ਵਿੱਚ ਟਰੈਟਰ ਨਾਲ ਕੱਦੂ ਕੀਤਾ, ਝੋਨਾ ਲਾਇਆ ਤੇ ਮਜ਼ਦੂਰ ਔਰਤਾਂ ਵੱਲੋਂ ਲਿਆਂਦਾ ਭੋਜਨ ਛਕਿਆ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਜਦੋਂ ਪਿੰਡ ਵਿੱਚ ਸਵੇਰੇ 6.40 ਵਜੇ ਪਹੁੰਚੇ ਤਾਂ ਹਲਕੀ ਬੂੰਦਾਬਾਂਦੀ ਹੋ ਰਹੀ ਸੀ। ਉਹ ਇੱਥੇ ਲਗਪਗ ਢਾਈ ਘੰਟੇ ਰਹੇ। ਸੋਨੀਪਤ ਦੇ ਗੋਹਾਣਾ ਤੋਂ ਕਾਂਗਰਸ ਵਿਧਾਇਕ ਜਗਬੀਰ ਸਿੰਘ ਮਲਿਕ ਨੇ ਕਿਹਾ, ‘‘ਇਹ ਦੌਰਾ ਅਚਾਨਕ ਕੀਤਾ ਗਿਆ ਸੀ। ਉਨ੍ਹਾਂ ਖੇਤਾਂ ਵਿੱਚ ਕੰਮ ਕਰ ਰਹੇ ਪਿੰਡ ਵਾਸੀਆਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਰਾਹੁਲ ਜੀ ਨੇ ਝੋਨਾ ਵੀ ਲਾਇਆ ਤੇ ਟਰੈਕਟਰ ਵੀ ਚਲਾਇਆ।’’ 


ਵਿਧਾਇਕ ਨੇ ਕਿਹਾ, ‘‘ਸਾਨੂੰ ਉਨ੍ਹਾਂ ਦੇ ਦੌਰੇ ਬਾਰੇ ਅਗਾਊਂ ਜਾਣਕਾਰੀ ਨਹੀਂ ਸੀ ਪਰ ਅਸੀਂ ਅਤੀਤ ਵਿੱਚ ਵੀ ਉਨ੍ਹਾਂ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਭਾਵੇਂ ਉਹ ਟਰੱਕ ਡਰਾਈਵਰ ਹੋਣ, ਔਰਤਾਂ, ਵਿਦਿਆਰਥੀ ਤੇ ਹੋਰ ਵਰਗਾਂ ਦੇ ਲੋਕ ਹੋਣ, ਉਨ੍ਹਾਂ ਦੀਆਂ ਚਿੰਤਾਵਾਂ ਤੇ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਜਾਣਨ ਲਈ ਇਸ ਤਰ੍ਹਾਂ ਅਣਅਧਿਕਾਰਿਤ ਪੜਾਅ ਕਰਦੇ ਦੇਖਿਆ ਹੈ।’’ 



ਰਾਹੁਲ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੇ ਸਮੇਂ ਇਸ ਪਿੰਡ ਵਿੱਚ ਰੁਕੇ। ਕਾਂਗਰਸ ਦੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਰਾਹੁਲ ਗਾਂਧੀ ਆਪਣੀ ਚਰਚਿਤ ਸਫੈਦ ਟੀ-ਸ਼ਰਟ ਤੇ ਟਰਾਊਜ਼ਰ ਵਿੱਚ ਨਜ਼ਰ ਆ ਰਹੇ ਹਨ। ਬੜੌਦਾ ਤੋਂ ਵਿਧਾਇਕ ਨਰਵਾਲ ਨੇ ਦੱਸਿਆ ਕਿ ਰਾਹੁਲ ਨੇ ਪਿੰਡ ਵਾਸੀਆਂ ਤੇ ਕਿਸਾਨਾਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਗੱਲਬਾਤ ਕੀਤੀ। 
 
ਉਧਰ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸੋਨੀਪਤ ਜ਼ਿਲ੍ਹੇ ਦੇ ਮਦੀਨਾ ਪਿੰਡ ਦੇ ਖੇਤਾਂ ਵਿੱਚ ਅੱਜ ਕੱਦੂ ਕਰ ਕੇ ਝੋਨਾ ਲਾਉਣ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਇੱਕ ਦਿਨ ਦੀ ਦਿਹਾੜੀ ਬਚੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਦੇ ਝੋਨਾ ਲਾਉਣ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਇਸ ਦੌਰੇ ਬਾਰੇ ਸੂਬਾ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ ਇਹ ਵੱਡਾ ਜ਼ੋਖ਼ਮ ਹੈ।