Indian Railway: ਭਾਰਤੀ ਰੇਲਵੇ ਨੂੰ ਆਮ ਲੋਕਾਂ ਦੇ ਜੀਵਨ ਦੀ ਲਾਈਫਲਾਈਨ ਮੰਨਿਆ ਜਾਂਦਾ ਹੈ। ਹਰ ਰੋਜ਼ ਹਜ਼ਾਰਾਂ ਯਾਤਰੀ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹਨ। ਅਜਿਹੇ 'ਚ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਰੇਲਵੇ ਨੇ ਕਈ ਨਿਯਮ ਬਣਾਏ ਹਨ। ਯਾਤਰੀਆਂ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।


ਭਾਰਤੀ ਰੇਲਵੇ ਦਾ ਕੇਂਦਰੀ ਰੇਲਵੇ ਜ਼ੋਨ ਸਮੇਂ-ਸਮੇਂ 'ਤੇ ਟਿਕਟਾਂ ਦੀ ਜਾਂਚ ਮੁਹਿੰਮ ਚਲਾਉਂਦਾ ਹੈ। ਇਸ ਦੇ ਜ਼ਰੀਏ ਰੇਲਵੇ ਉਨ੍ਹਾਂ ਯਾਤਰੀਆਂ ਦੀ ਜਾਂਚ ਕਰਦਾ ਹੈ ਜੋ ਬਿਨਾਂ ਕਿਸੇ ਵੈਧ ਟਿਕਟ ਦੇ ਟਰੇਨ 'ਚ ਸਫਰ ਕਰ ਰਹੇ ਹਨ। ਰੇਲਵੇ ਅਜਿਹੇ ਯਾਤਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ ਤਾਂ ਜੋ ਬਾਕੀ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।


ਕੇਂਦਰੀ ਰੇਲਵੇ ਟਿਕਟ ਚੈਕਿੰਗ ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਹੈ ਕਿ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਸਤੰਬਰ 2022 ਦੇ ਵਿਚਕਾਰ, ਰੇਲਵੇ ਨੇ 24.58 ਲੱਖ ਅਜਿਹੇ ਲੋਕਾਂ ਨੂੰ ਫੜਿਆ ਜੋ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ ਸਨ ਅਤੇ ਸਮਾਨ ਲੈ ਕੇ ਜਾ ਰਹੇ ਸਨ। ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਵਿੱਤੀ ਸਾਲ 2021-22 ਦੇ ਮੁਕਾਬਲੇ ਇਹ ਸੰਖਿਆ 97.13% ਵੱਧ ਹੈ।


ਰੇਲਵੇ ਨੇ ਜੁਰਮਾਨੇ ਤੋਂ ਇੰਨੀ ਕਮਾਈ ਕੀਤੀ


ਕੇਂਦਰੀ ਰੇਲਵੇ ਨੇ ਇਨ੍ਹਾਂ 24.58 ਲੱਖ ਲੋਕਾਂ ਤੋਂ ਕਰੀਬ 163.27 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਅਜਿਹੇ 'ਚ ਇਹ ਜੁਰਮਾਨਾ ਪਿਛਲੇ ਸਾਲ ਦੇ ਮੁਕਾਬਲੇ 129.12 ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਰੇਲਵੇ ਨੇ ਜੁਰਮਾਨੇ ਵਜੋਂ ਲਗਭਗ 71.26 ਕਰੋੜ ਰੁਪਏ ਕਮਾਏ ਸਨ। ਕੇਂਦਰੀ ਰੇਲਵੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਅਤੇ ਸਮਾਨ ਲੈ ਕੇ ਜਾਣ ਵਾਲੇ ਲੋਕਾਂ ਖ਼ਿਲਾਫ਼ ਮੁਹਿੰਮ ਚਲਾ ਰਿਹਾ ਹੈ। ਇਸ ਦੇ ਲਈ ਕੇਂਦਰੀ ਰੇਲਵੇ 1405 ਹੈਂਡਹੈਲਡ ਟਰਮੀਨਲਾਂ ਦੀ ਵਰਤੋਂ ਕਰ ਰਿਹਾ ਹੈ।


ਬਿਨਾਂ ਟਿਕਟ ਸਫ਼ਰ ਕਰਨ ਵਾਲੇ ਲੋਕਾਂ ਕਾਰਨ ਹਰ ਸਾਲ ਰੇਲਵੇ ਨੂੰ ਕਰੋੜਾਂ ਦਾ ਹੁੰਦਾ ਹੈ ਨੁਕਸਾਨ


ਤੁਹਾਨੂੰ ਦੱਸ ਦੇਈਏ ਕਿ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ਕਾਰਨ ਨਾ ਸਿਰਫ ਬਾਕੀ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਸਗੋਂ ਭਾਰਤੀ ਰੇਲਵੇ ਨੂੰ ਹਰ ਸਾਲ ਕਰੋੜਾਂ ਦਾ ਨੁਕਸਾਨ ਹੁੰਦਾ ਹੈ। ਅਜਿਹੇ 'ਚ ਰੇਲਵੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਲੋਕਾਂ ਤੋਂ ਕਈ ਗੁਣਾ ਜ਼ਿਆਦਾ ਜੁਰਮਾਨਾ ਵਸੂਲਦਾ ਹੈ।


ਇਸ ਕਾਰਨ ਰੇਲਵੇ ਦੇ ਵੱਖ-ਵੱਖ ਜ਼ੋਨ ਸਮੇਂ-ਸਮੇਂ 'ਤੇ ਟਿਕਟਾਂ ਦੀ ਜਾਂਚ ਮੁਹਿੰਮ ਸ਼ੁਰੂ ਕਰਦੇ ਹਨ। ਰੇਲਵੇ ਸਮੇਂ-ਸਮੇਂ 'ਤੇ ਮੁਸਾਫਰਾਂ ਨੂੰ ਬੇਨਤੀ ਕਰਦਾ ਰਹਿੰਦਾ ਹੈ ਕਿ ਉਹ ਹਮੇਸ਼ਾ ਵੈਧ ਟਿਕਟ ਨਾਲ ਟਰੇਨ 'ਚ ਸਫਰ ਕਰਨ। ਇਹ ਤੁਹਾਨੂੰ ਅਸੁਵਿਧਾ ਤੋਂ ਬਚਾਏਗਾ ਅਤੇ ਰੇਲਵੇ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਵੇਗਾ।