ਅਸਾਮ ਵਿੱਚ ਹੱਦਬੰਦੀ ਦੀ ਅੰਤਿਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਵਧਦਾ ਜਾ ਰਿਹਾ ਹੈ। ਨਾਗਾਂਵ ਸੰਸਦੀ ਹਲਕੇ ਦੀ ਹੱਦਬੰਦੀ ਤੋਂ ਨਾਰਾਜ਼, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜੇਨ ਗੋਹੇਨ ਨੇ ਬੀਤੇ ਸ਼ੁੱਕਰਵਾਰ ਨੂੰ ਅਸਾਮ ਫੂਡ ਐਂਡ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸ ਦੇਈਏ ਕਿ ਹੱਦਬੰਦੀ ਤੋਂ ਬਾਅਦ ਨਾਗਾਂਵ ਲੋਕ ਸਭਾ ਹਲਕੇ ਦੇ ਕੁਝ ਹਿੱਸੇ ਨਵੇਂ ਬਣੇ ਕਾਜ਼ੀਰੰਗਾ ਲੋਕ ਸਭਾ ਹਲਕੇ ਵਿੱਚ ਸ਼ਾਮਲ ਕੀਤੇ ਗਏ ਸਨ।


ਗੋਹੇਨ 1999 ਤੋਂ ਮੱਧ ਅਸਮ ਦੇ ਨਾਗਾਂਵ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ ਅਤੇ 2014 ਤੱਕ ਲਗਾਤਾਰ ਚਾਰ ਚੋਣਾਂ ਜਿੱਤੇ ਸਨ। ਉਨ੍ਹਾਂ ਕਿਹਾ ਕਿ ਹੱਦਬੰਦੀ ਤੋਂ ਬਾਅਦ ਨਾਗਾਂਵ ਸੰਸਦੀ ਹਲਕਾ ਹੁਣ ਘੱਟ ਗਿਣਤੀ ਬਹੁਲ ਸੀਟ ਬਣ ਗਿਆ ਹੈ ਤੇ ਨੇ ਦਾਅਵਾ ਕੀਤਾ ਕਿ ਭਵਿੱਖ ਵਿੱਚ ਪਾਰਟੀ ਲਈ ਉਸ ਸੀਟ ਤੋਂ ਜਿੱਤਣਾ ਮੁਸ਼ਕਲ ਹੋਵੇਗਾ। ਉਨ੍ਹਾਂ ਅਸਾਮ ਦੇ ਆਦਿਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਭਾਜਪਾ ਲੀਡਰਸ਼ਿਪ ਅਤੇ ਸੂਬਾ ਸਰਕਾਰ 'ਤੇ ਵੀ ਸਵਾਲ ਚੁੱਕੇ। 


ਦੱਸ ਦਈਏ ਹਾਲ ਹੀ ਵਿੱਚ, ਰਾਸ਼ਟਰਪਤੀ ਨੇ ਅਸਾਮ ਲਈ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੀ ਸੀਮਾਬੰਦੀ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਸੀ। ਅਸਾਮ ਦੀ ਹੱਦਬੰਦੀ 'ਤੇ ਚੋਣ ਕਮਿਸ਼ਨ ਦਾ ਅੰਤਿਮ ਹੁਕਮ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ। ਕਮਿਸ਼ਨ ਨੇ 11 ਅਗਸਤ ਨੂੰ ਰਾਜ ਵਿੱਚ ਵਿਧਾਨ ਸਭਾ ਅਤੇ ਸੰਸਦੀ ਹਲਕਿਆਂ ਦੀ ਹੱਦਬੰਦੀ ਬਾਰੇ ਆਪਣੀ ਅੰਤਿਮ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਵਿੱਚ ਵਿਧਾਨ ਸਭਾ ਸੀਟਾਂ ਦੀ ਗਿਣਤੀ 126 ਅਤੇ ਸੰਸਦੀ ਸੀਟਾਂ ਦੀ ਗਿਣਤੀ 14 ਹੈ। ਜਦਕਿ ਉਨ੍ਹਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਸੀ। ਇਸ ਨੇ 19 ਵਿਧਾਨ ਸਭਾ ਹਲਕਿਆਂ ਅਤੇ ਇੱਕ ਸੰਸਦੀ ਹਲਕੇ ਦੇ ਨਾਵਾਂ ਨੂੰ ਵੀ ਸੋਧਿਆ ਹੈ। 


ਅਸਾਮ ਵਿੱਚ, 19 ਵਿਧਾਨ ਸਭਾ ਅਤੇ ਦੋ ਲੋਕ ਸਭਾ ਹਲਕੇ ਅਨੁਸੂਚਿਤ ਜਨਜਾਤੀਆਂ ਲਈ ਰਾਖਵੇਂ ਕੀਤੇ ਗਏ ਹਨ, ਜਦਕਿ ਇੱਕ ਲੋਕ ਸਭਾ ਹਲਕਾ ਅਤੇ 9 ਵਿਧਾਨ ਸਭਾ ਹਲਕੇ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਕਾਨੂੰਨ ਮੰਤਰਾਲੇ ਦੁਆਰਾ ਬੀਤੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ, 16 ਅਗਸਤ, 2023 ਨੂੰ ਅਸਾਮ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਦਾ ਆਦੇਸ਼ ਲਾਗੂ ਹੋਣ ਦੀ ਮਿਤੀ ਵਜੋਂ ਨਿਰਧਾਰਤ ਕੀਤਾ ਗਿਆ ਹੈ।