Rajiv Gandhi assassination convict Perarivalan got bail was in jail for 31 years


ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰੀਵਲਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਪੇਰਾਰੀਵਲਨ 30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਉਸਦਾ ਵਿਵਹਾਰ ਲਗਾਤਾਰ ਬਹੁਤ ਵਧੀਆ ਰਿਹਾ ਹੈ। ਉਸ ਦੀ ਰਿਹਾਈ ਬਾਰੇ ਫੈਸਲਾ ਲੈਣ ਵਿੱਚ ਸਰਕਾਰ ਵੱਲੋਂ ਦੇਰੀ ਹੋਣ ਕਾਰਨ ਉਸ ਨੂੰ ਹਮੇਸ਼ਾ ਲਈ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ।


ਪੇਰਾਰੀਵਲਨ ਨੇ ਅਦਾਲਤ ਨੂੰ ਦੱਸਿਆ ਕਿ ਤਾਮਿਲਨਾਡੂ ਸਰਕਾਰ ਵੱਲੋਂ ਉਸ ਨੂੰ ਰਿਹਾਅ ਕਰਨ ਦੇ ਹੁਕਮ ਨੂੰ ਰਾਜਪਾਲ ਅਤੇ ਕੇਂਦਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਸਜ਼ਾ ਮੁਆਫ਼ ਕਰਨ ਦੀ ਉਸ ਦੀ ਅਰਜ਼ੀ ਵੀ ਬਿਨਾਂ ਫ਼ੈਸਲਾ ਲਏ ਹੀ ਅਟਕ ਗਈ ਹੈ। ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਬੀਆਰ ਗਵਈ ਨੇ ਹੁਕਮ ਵਿੱਚ ਇਹ ਦਲੀਲਾਂ ਦਰਜ ਕੀਤੀਆਂ ਹਨ।


ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਕੇ.ਐਮ.ਨਟਰਾਜਾ ਨੇ ਪੇਰਾਰੀਵਲਨ ਦੀ ਰਿਹਾਈ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ 1999 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। 2014 ਵਿੱਚ ਸੁਪਰੀਮ ਕੋਰਟ ਨੇ ਇਸ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਦੇ ਪਿੱਛੇ ਇਹ ਆਧਾਰ ਬਣਾਇਆ ਗਿਆ ਸੀ ਕਿ ਰਾਸ਼ਟਰਪਤੀ ਆਪਣੀ ਰਹਿਮ ਦੀ ਅਪੀਲ 'ਤੇ ਫੈਸਲਾ ਲੈਣ 'ਚ ਕਾਫੀ ਸਮਾਂ ਲੈ ਰਹੇ ਹਨ। ਇਸ ਦੇ ਨਾਲ ਹੀ ਇਸ ਗੱਲ ਨੂੰ ਵੀ ਆਧਾਰ ਬਣਾਇਆ ਗਿਆ ਕਿ ਉਸ ਨੇ ਕਾਫੀ ਸਮਾਂ ਜੇਲ੍ਹ 'ਚ ਕੱਟਿਆ ਹੈ। ਨਟਰਾਜ ਨੇ ਕਿਹਾ ਕਿ ਜੇਲ 'ਚ ਲੰਬੇ ਸਮੇਂ ਤੱਕ ਰਹਿਣ ਦੇ ਆਧਾਰ 'ਤੇ ਦੋਸ਼ੀ ਨੂੰ ਇਕ ਵਾਰ ਰਿਆਇਤ ਮਿਲ ਗਈ ਹੈ, ਤਾਂ ਉਸ ਨੂੰ ਦੁਬਾਰਾ ਉਸੇ ਚੀਜ਼ ਦਾ ਲਾਭ ਨਹੀਂ ਦਿੱਤਾ ਜਾਣਾ ਚਾਹੀਦਾ।


ਐਡੀਸ਼ਨਲ ਸਾਲਿਸਟਰ ਜਨਰਲ ਨੇ ਇਹ ਵੀ ਕਿਹਾ ਕਿ ਕਾਨੂੰਨ ਵਲੋਂ ਪੇਰਾਰੀਵਲਨ ਦੀ ਸਜ਼ਾ ਮੁਆਫ ਕਰਨ ਬਾਰੇ ਫੈਸਲਾ ਲੈਣਾ ਕੇਂਦਰ ਦਾ ਹੈ। ਅਦਾਲਤ ਨੂੰ ਇਸ ਮਾਮਲੇ ਵਿੱਚ ਕੋਈ ਹੁਕਮ ਨਹੀਂ ਦੇਣਾ ਚਾਹੀਦਾ। ਜੱਜਾਂ ਨੇ ਇਨ੍ਹਾਂ ਦਲੀਲਾਂ ਨੂੰ ਧਿਆਨ ਵਿੱਚ ਰੱਖਿਆ, ਪਰ ਉਨ੍ਹਾਂ ਨੇ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾਅ ਕਰਨਾ ਹੀ ਠੀਕ ਸਮਝਿਆ। ਅਦਾਲਤ ਦਾ ਮੰਨਣਾ ਸੀ ਕਿ ਰਾਜ ਸਰਕਾਰ, ਰਾਜਪਾਲ ਅਤੇ ਕੇਂਦਰ ਦੀ ਸ਼ਕਤੀ ਦੀ ਵਿਆਖਿਆ ਨਾਲ ਸਬੰਧਤ ਇਸ ਮਾਮਲੇ ਦੀ ਬਾਅਦ ਵਿੱਚ ਵਿਸਥਾਰ ਨਾਲ ਸੁਣਵਾਈ ਕੀਤੀ ਜਾਵੇਗੀ। ਪਰ ਉਦੋਂ ਤੱਕ ਦੋਸ਼ੀਆਂ ਨੂੰ ਜੇਲ੍ਹ ਵਿੱਚ ਰੱਖਣਾ ਠੀਕ ਨਹੀਂ ਹੋਵੇਗਾ।


21 ਮਈ 1991 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪੇਰਾਰੀਵਲਨ ਨੂੰ 11 ਜੂਨ 1991 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਬੰਬ ਧਮਾਕੇ ਵਿਚ ਵਰਤੀ ਗਈ 8 ਵੋਲਟ ਦੀ ਬੈਟਰੀ ਖਰੀਦਣ ਅਤੇ ਹਮਲੇ ਦੇ ਮਾਸਟਰਮਾਈਂਡ ਸ਼ਿਵਰਾਸਨ ਨੂੰ ਦੇਣ ਦਾ ਦੋਸ਼ੀ ਸਾਬਤ ਹੋਇਆ ਸੀ। ਪੇਰਾਰੀਵਲਨ, ਜੋ ਘਟਨਾ ਦੇ ਸਮੇਂ 19 ਸਾਲ ਦੇ ਸੀ ਨੇ ਜੇਲ੍ਹ ਵਿਚ ਰਹਿਣ ਦੌਰਾਨ ਆਪਣੀ ਪੜ੍ਹਾਈ ਜਾਰੀ ਰੱਖੀ। ਉਸ ਨੇ ਚੰਗੇ ਅੰਕ ਲੈ ਕੇ ਕਈ ਡਿਗਰੀਆਂ ਹਾਸਲ ਕੀਤੀਆਂ। ਅਦਾਲਤ ਨੇ ਉਸ ਨੂੰ ਜ਼ਮਾਨਤ ਦਿੰਦੇ ਹੋਏ ਹੁਕਮਾਂ ਵਿਚ ਇਨ੍ਹਾਂ ਗੱਲਾਂ ਨੂੰ ਵੀ ਥਾਂ ਦਿੱਤੀ ਹੈ।


ਇਹ ਵੀ ਪੜ੍ਹੋ: