ਨਵੀਂ ਦਿੱਲੀ: ਕੋਰੋਨਾ ਦੀ ਵਧਦੀ ਦਹਿਸ਼ਤ ਵਿੱਚ ਚਰਚਾ ਛਿੜੀ ਹੈ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਅ ਸਕਦੀ ਹੈ। ਭਾਰਤੀ ਕਿਸਾਨ ਯੂਨੀਅਨ (BKU) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਕੋਰੋਨਾ ਮਹਾਮਾਰੀ ਦੇ ਬਹਾਨੇ ਉਨ੍ਹਾਂ ਸਥਾਨਾਂ ’ਤੇ ਪਾਬੰਦੀ ਲਾ ਸਕਦੀ ਹੈ, ਜਿੱਥੇ ਕਿਸਾਨ ਵੱਡੀ ਗਿਣਤੀ ’ਚ ਬੈਠੇ ਹਨ ਪਰ ਇੰਝ ਸਾਡੇ ਮਨੋਬਲਾਂ ਦੀ ਮਜ਼ਬੂਤੀ ਘਟਾਈ ਨਹੀਂ ਜਾ ਸਕੇਗੀ। ਉਂਝ ਉਨ੍ਹਾਂ ਦਾਅਵਾ ਕੀਤਾ ਕਿ ਅੰਦੋਲਨਕਾਰੀ ਕਿਸਾਨ ਲੰਮੀ ਲੜਾਈ ਲੜਨ ਲਈ ਤਿਆਰ ਹੈ ਤੇ ਮੰਗਾਂ ਪੂਰੀਆਂ ਹੋਣ ’ਤੇ ਹੀ ਪਿੱਛੇ ਹਟਣਗੇ।
ਇਸ ਬਾਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਈ ਪੈਂਤੜੇ ਖੇਡ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਜਦੋਂ ਉਹ ਕਾਮਯਾਬ ਨਾ ਹੋ ਸਕੇ ਤਾਂ ਮੁੜ ਕਰੋਨਾਵਾਇਰਸ ਦੇ ਨਾਮ ’ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਪੰਜਾਬ ਸਰਕਾਰ ਵੀ ਗਲਤ ਫ਼ੈਸਲੇ ਲੈ ਰਹੀ ਹੈ।
ਰਾਕੇਸ਼ ਟਿਕੈਤ ਕਿਹਾ ਕਿ ਲੜਾਈ ਕੇਵਲ ਕਿਸਾਨਾਂ ਦੀ ਨਹੀਂ, ਸਗੋਂ ਇਹ ਗ਼ਰੀਬ ਤੇ ਛੋਟੇ ਵਪਾਰੀਆਂ ਲਈ ਵੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਲੰਮਾ ਚੱਲੇਗਾ ਤੇ ਕਿਸਾਨ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਅਸੀਂ ਨਵੰਬਰ-ਦਸੰਬਰ ਤੱਕ ਦੀਆਂ ਤਿਅਰੀਆਂ ਕੀਤੀਆਂ ਹਨ। ਕਿਸਾਨ ਆਗੂ ਨੇ ਦੁਹਰਾਇਆ ਕਿ ਕੇਂਦਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਤੇ ਐਮਐਸਪੀ ਕਾਨੂੰਨ ਦੀ ਗਰੰਟੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਹੀ ਨਹੀਂ, ਸਗੋਂ ਦੂਜੇ ਤਬਕਿਆਂ ਉੱਤੇ ਵੀ ਮਾੜਾ ਅਸਰ ਪਾਉਣਗੇ।
ਆਪਣੇ ਸਵਰਗੀ ਪਿਤਾ ਮਹੇਂਦਰ ਸਿੰਘ ਟਿਕੈਤ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਟਿਕੈਤ ਸਾਹਿਬ ਕਿਹਾ ਕਰਦੇ ਸਨ ਕਿ ਜਦੋਂ ਹਰਿਆਣਾ ਅੰਦੋਲਨ ਦੇ ਹੱਕ ’ਚ ਖੜ੍ਹਾ ਹੁੰਦਾ ਹੈ, ਤਾਂ ਸਰਕਾਰ ਕੰਬ ਉੱਠਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਤਦ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਜਦੋਂ ਐਮਐਸਪੀ ਉੱਤੇ ਕਾਨੂੰਨ ਬਣੇਗਾ, ਤਦ ਹੀ ਕਿਸਾਨਾਂ ਦਾ ਭਲਾ ਹੋਵੇਗਾ।
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਲਗਾਤਾਰ ਚਾਰ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸੀਮਾਵਾਂ ਉੱਤੇ ਜਾਰੀ ਹੈ। ਉੱਧਰ ਸਰਕਾਰ ਸਿਰਫ਼ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਦੀ ਹੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ: Xiaomi ਹੁਣ ਇਲੈਕਟ੍ਰੀਕਲ ਵਹੀਕਲ ਬਣਾ ਕੇ ਰੱਖੇਗੀ ਆਟੋਮੋਬਾਈਲ ਦੀ ਦੁਨੀਆ ’ਚ ਕਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904