Haryana Election 2024: ਹਰਿਆਣਾ ਵਿਧਾਨ ਸਭ ਲਈ ਵੋਟਾਂ ਪੈਣ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਰਾਮ ਰਹੀਮ ਦੇ 20 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਡੇਰਾ ਸੱਚਾ ਸੌਦਾ ਦੀ ਸਿਆਸੀ ਖੇਡ ਸ਼ੁਰੂ ਹੋ ਗਈ ਹੈ। ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਹਰਿਆਣਾ ਦੇ ਸਾਰੇ ਬਲਾਕਾਂ ਵਿੱਚ ਨਾਮ ਚਰਚਾ ਹੋਵੇਗੀ। ਇਹ ਨਾਮ ਚਰਚਾ ਲਗਪਗ 2 ਘੰਟੇ ਚੱਲੇਗੀ।



ਸੂਤਰਾਂ ਅਨੁਸਾਰ ਡੇਢ ਘੰਟਾ ਪ੍ਰਮਾਤਮਾ ਦਾ ਗੁਣਗਾਨ ਹੋਵੇਗਾ। ਬਾਕੀ ਅੱਧੇ ਘੰਟੇ 'ਚ ਰਾਮ ਰਹੀਮ ਦਾ ਸੰਦੇਸ਼ ਸੁਣਾਇਆ ਜਾਵੇਗਾ। ਬੇਸ਼ੱਕ ਡੇਰਾ ਮੁਖੀ ਨੇ ਖੁੱਲ੍ਹ ਕੇ ਕਿਸੇ ਪਾਰਟੀ ਦੀ ਹਮਾਇਤ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਇਸ ਸੰਦੇਸ਼ 'ਚ ਇਸ਼ਾਰਾ ਕੀਤਾ ਜਾਏਗਾ ਕਿ ਚੋਣਾਂ 'ਚ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ। ਡੇਰਾ ਪ੍ਰੇਮੀਆਂ ਅਨੁਸਾਰ ਨਾਮ ਚਰਚਾ ਦੌਰਾਨ ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਮੁਕੰਮਲ ਪਾਬੰਦੀ ਰਹੇਗੀ।



ਉਧਰ, ਚੋਣ ਕਮਿਸ਼ਨ, ਸਿਆਸੀ ਪਾਰਟੀਆਂ ਤੇ ਖੁਫੀਆ ਤੰਤਰ ਵੀ ਡੇਰੇ ਦੀ ਨਾਮ ਚਰਚਾ 'ਤੇ ਨਜ਼ਰ ਹੈ। ਉਂਝ ਰਾਮ ਰਹੀਮ ਨੂੰ ਪੈਰੋਲ ਦਿੰਦੇ ਹੋਏ ਪਹਿਲਾਂ ਹੀ ਚੋਣ ਸਰਗਰਮੀਆਂ ਤੋਂ ਦੂਰ ਰਹਿਣ ਦੀ ਸ਼ਰਤ ਲਾਈ ਗਈ ਸੀ। ਹਰਿਆਣਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਸਿਆਸੀ ਖੇਡ ਨੇ ਹਲਚਲ ਮਚਾ ਦਿੱਤੀ ਹੈ। ਡੇਰਾ ਮੁਖੀ ਨੇ 20 ਦਿਨਾਂ ਦੀ ਪੈਰੋਲ ’ਤੇ ਬਾਹਰ ਆਉਂਦੇ ਹੀ ਹਰਿਆਣਾ ਦੇ ਸਾਰੇ ਬਲਾਕਾਂ ’ਚ ਨਾਮ ਚਰਚਾ ਦਾ ਸੱਦਾ ਦਿੱਤਾ ਹੈ। 


ਦੱਸ ਦਈਏ ਕਿ ਹਰਿਆਣਾ ਚੋਣਾਂ 'ਚ ਪੰਜ ਪਾਰਟੀਆਂ ਵਿਚਾਲੇ ਮੁਕਾਬਲੇ 'ਚ ਡੇਰੇ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸੂਬੇ ਦੀਆਂ 90 'ਚੋਂ 35 ਸੀਟਾਂ 'ਤੇ ਡੇਰਾ ਪ੍ਰੇਮੀਆਂ ਦਾ ਵੋਟ ਬੈਂਕ ਹੈ। ਉਂਢ ਡੇਢ ਦਰਜਨ ਸੀਟਾਂ ਅਜਿਹੀਆਂ ਹਨ, ਜਿੱਥੇ ਨਜ਼ਦੀਕੀ ਮੁਕਾਬਲੇ ਦੀ ਸੂਰਤ ਵਿੱਚ ਡੇਰਾ ਪ੍ਰੇਮੀ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਡੇਰਾ ਇਸ ਤੋਂ ਪਹਿਲਾਂ ਵੀ ਸਿਆਸੀ ਪਾਰਟੀਆਂ ਦਾ ਸਮਰਥਨ ਕਰਦਾ ਰਿਹਾ ਹੈ। 


ਡੇਰੇ ਨੇ ਇਸ ਲਈ ਸਿਆਸੀ ਵਿੰਗ ਵੀ ਬਣਾਇਆ ਸੀ ਪਰ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਗਿਆ ਸੀ। ਉਂਜ ਸਿਆਸੀ ਪਾਰਟੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਡੇਰੇ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਭਾਜਪਾ ਨੇ 2014 ਵਿੱਚ ਡੇਰੇ ਦੇ ਸਮਰਥਨ ਨਾਲ ਹਰਿਆਣਾ ਵਿੱਚ ਸਰਕਾਰ ਬਣਾਈ ਸੀ। ਇਸ ਤੋਂ ਬਾਅਦ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਡੇਰੇ ਵਿੱਚ ਜਾ ਕੇ ਮੱਥਾ ਟੇਕਿਆ ਸੀ। 


ਹਾਲਾਂਕਿ ਲੋਕ ਸਭਾ ਚੋਣਾਂ 'ਚ ਡੇਰੇ ਨੇ ਕੁਝ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਦਾ ਸਮਰਥਨ ਕੀਤਾ ਸੀ। ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਵੀ ਚੋਣਾਂ ਵਿੱਚ ਡੇਰੇ ਦੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ ਸੀ। ਇਸ ਲਈ ਹੀ ਹਰਿਆਣਾ ਚੋਣਾਂ ਦੌਰਾਨ ਰਾਮ ਰਹੀਮ ਨੂੰ ਪੈਰੋਲ ਦੇਣ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਰਾਮ ਰਹੀਮ ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਖਿਲਾਫ ਉਨ੍ਹਾਂ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਸੀ ਪਰ ਚੋਣ ਕਮਿਸ਼ਨ ਨੇ ਕਾਂਗਰਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।